ਦੁਤੀ ਚੰਦ ਸਮਲਿੰਗੀ ਹੋਣ ਦੀ ਗੱਲ ਕਬੂਲ ਕਰਨ ਵਾਲੀ ਬਣੀ ਭਾਰਤ ਦੀ ਪਹਿਲੀ ਐਥਲੀਟ
Sunday, May 19, 2019 - 04:43 PM (IST)

ਸਪੋਰਟਸ ਡੈਸਕ— ਦੇਸ਼ ਦੀ 'ਗੋਲਡਨ ਗਰਲ' ਅਤੇ 100 ਮੀਟਰ ਦੌੜ 'ਚ ਰਾਸ਼ਟਰੀ ਰਿਕਾਰਡ ਹੋਲਡਰ ਦੌੜਾਕ ਦੁਤੀ ਚੰਦ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। 2018 ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਦੁਤੀ ਨੇ ਸਵੀਕਾਰ ਕੀਤਾ ਹੈ ਕਿ ਉਹ ਸਮਲਿੰਗੀ ਰਿਸ਼ਤੇ 'ਚ ਹੈ। ਜਨਤਕ ਤੌਰ 'ਤੇ ਇਸ ਤਰ੍ਹਾਂ ਦੀ ਗੱਲ ਸਵੀਕਾਰਨ ਵਾਲੀ ਦੁਤੀ ਦੇਸ਼ ਦੀ ਪਹਿਲੀ ਐਥਲੀਟ ਹੈ।
ਇਕ ਪ੍ਰਸਿੱਧ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਦੁਤੀ ਨੇ ਦੱਸਿਆ ਕਿ ਉਹ ਆਪਣੇ ਜੱਦੀ ਘਰ ਚਾਕਾ ਗੋਪਾਲਪੁਰ (ਉੜੀਸਾ) ਦੀ ਇਕ ਕੁੜੀ ਨਾਲ ਰਿਸ਼ਤੇ 'ਚ ਹੈ। ਹਾਲਾਂਕਿ ਦੁਤੀ ਨੇ ਆਪਣੀ ਪਾਰਟਨਰ ਦੇ ਬਾਰੇ 'ਚ ਦਸਣ ਤੋਂ ਮਨ੍ਹਾ ਕੀਤਾ। ਉਹ ਨਹੀਂ ਚਾਹੁੰਦੀ ਹੈ ਕਿ ਉਸ ਦੀ ਪਾਰਟਨਰ ਫਿਜ਼ੂਲ 'ਚ ਲੋਕਾਂ ਦੀਆਂ ਨਜ਼ਰਾਂ 'ਚ ਆਵੇ।
ਦੁਤੀ ਨੇ ਕਿਹਾ, ''ਮੈਨੂੰ ਅਜਿਹਾ ਕੋਈ ਮਿਲਿਆ ਹੈ, ਜੋ ਮੇਰਾ ਜੀਵਨਸਾਥੀ ਹੈ। ਮੈਂ ਮੰਨਦੀ ਹਾਂ ਕਿ ਹਰ ਕਿਸੇ ਨੂੰ ਇਸ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕਿਸ ਦੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ। ਮੈਂ ਹਮੇਸ਼ਾ ਉਨ੍ਹਾਂ ਲੋਕਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ ਜੋ ਸਮਲਿੰਗੀ ਰਿਸ਼ਤੇ 'ਚ ਰਹਿਣਾ ਚਾਹੁੰਦੇ ਹਨ। ਇਹ ਕਿਸੇ ਦੀ ਨਿਜੀ ਪਸੰਦ ਹੈ। ਮੇਰਾ ਧਿਆਨ ਫਿਲਹਾਲ ਵਰਲਡ ਚੈਂਪੀਅਨਸ਼ਿਪ ਅਤੇ ਓਲੰਪਿਕ ਖੇਡਾਂ 'ਤੇ ਹੈ, ਪਰ ਮੈਂ ਭਵਿੱਖ 'ਚ ਉਸ ਦੇ ਨਾਲ ਘਰ ਵਸਾਉਣਾ ਚਾਹੁੰਦੀ ਹਾਂ।''
23 ਸਾਲਾ ਦੁਤੀ ਨੇ ਧਾਰਾ 377 'ਤੇ ਵੀ ਗੱਲ ਕੀਤੀ। ਦੂਤੀ ਦੇ ਮੁਤਾਬਕ ਪਿਛਲੇ ਸਾਲ ਸਮਲਿੰਗਤਾ 'ਤੇ ਆਏ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦੇ ਬਾਅਦ ਹੀ ਮੇਰੇ ਅੰਦਰ ਇਸ ਰਿਸ਼ਤੇ ਨੂੰ ਜਨਤਕ ਕਰਨ ਦੀ ਹਿੰਮਤ ਆਈ। ਕਿਸੇ ਨੂੰ ਵੀ ਮੈਨੂੰ ਜੱਜ ਕਰਨ ਦਾ ਹੱਕ ਨਹੀਂ ਹੈ। ਇਹ ਮੇਰੀ ਨਿਜੀ ਪਸੰਦ ਹੈ। ਇਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਮੈਂ ਦੇਸ਼ ਲਈ ਤਮਗਾ ਜਿੱਤਣ ਦੀ ਕੋਸ਼ਿਸ ਜਾਰੀ ਰੱਖਾਂਗੀ। ਦੁਤੀ ਚੰਦ ਨੇ ਕਿਹਾ, ''ਮੈਂ ਬੀਤੇ 10 ਸਾਲ ਤੋਂ ਦੌੜਾਕ ਹਾਂ ਅਤੇ ਅਗਲੇ 5 ਤੋਂ 7 ਸਾਲ ਤਕ ਦੌੜਦੀ ਰਹਾਂਗੀ। ਮੈਂ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਪੂਰੀ ਦੁਨੀਆ ਘੁੰਮਦੀ ਹਾਂ, ਇਹ ਸੌਖਾ ਨਹੀਂ ਹੈ। ਮੈਨੂੰ ਕਿਸੇ ਦਾ ਸਹਾਰਾ ਵੀ ਚਾਹੀਦਾ ਹੈ।''