ਉੜੀਸਾ ਸਰਕਾਰ ਨੇ ਖੇਲ ਰਤਨ ਲਈ ਦੁਤੀ ਦੇ ਨਾਂ ਦੀ ਕੀਤੀ ਸਿਫ਼ਾਰਸ਼

Tuesday, Jun 29, 2021 - 08:25 PM (IST)

ਉੜੀਸਾ ਸਰਕਾਰ ਨੇ ਖੇਲ ਰਤਨ ਲਈ ਦੁਤੀ ਦੇ ਨਾਂ ਦੀ ਕੀਤੀ ਸਿਫ਼ਾਰਸ਼

ਸਪੋਰਟਸ ਡੈਸਕ— ਉੜੀਸਾ ਸਰਕਾਰ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਫ਼ਰਾਟਾ ਦੌੜਾਕ ਦੁਤੀ ਚੰਦ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਦੁਤੀ ਤੋਂ ਇਲਾਵਾ ਉੜੀਸਾ ਸਰਕਾਰ ਨੇ ਖੇਡ ਮੰਤਰਾਲਾ ਨੂੰ ਪੰਜ ਹੋਰ ਨਾਂ ਭੇਜੇ ਹਨ। ਦੁਤੀ ਨੇ ਟਵੀਟ ਕੀਤਾ, ‘‘ ਮੈਂ ਖੇਲ ਰਤਨ ਪੁਰਸਕਾਰ ਲਈ ਮੇਰਾ ਨਾਂ ਭੇਜਣ ਲਈ ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਦੀ ਧੰਨਵਾਦੀ ਹਾਂ। ਤੁਹਾਡਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ। 

ਦੁਤੀ ਨੇ ਪਿਛਲੇ ਹਫ਼ਤੇ ਪਟਿਆਲਾ ’ਚ ਇੰਡੀਅਨ ਗ੍ਰਾਂ ਪ੍ਰੀ 4 ’ਚ 100 ਮੀਟਰ ’ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਕੇ 11.7 ਸਕਿੰਟ ਦਾ ਸਮਾਂ ਕੱਢਿਆ। ਉਹ ਓਲੰਪਿਕ ਲਈ ਕੁਆਲੀਫ਼ਾਈ ਕਰਨ ਤੋਂ 0.02 ਸਕਿੰਟ ਤੋਂ ਖੁੰਝ ਗਈ। ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਉਸ ਦਾ ਟੋਕੀਓ ਓਲੰਪਿਕ ’ਚ ਖੇਡਣਾ ਤੈਅ ਹੈ। ਦੁਤੀ ਨੂੰ ਪਿਛਲੇ ਸਾਲ ਅਰਜੁਨ ਐਵਾਰਡ ਮਿਲਿਆ ਸੀ। 

ਉੜੀਸਾ ਸਰਕਾਰ ਨੇ ਟੋਕੀਓ ਓਲੰਪਿਕ ਜਾ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਬਰਿੰਦਰ ਲਾਕੜਾ ਦਾ ਨਾਂ ਅਰਜੁਨ ਪੁਰਸਕਾਰ ਲਈ, ਹਾਕੀ ਕੋਚ ਕਾਲੂ ਚਰਣ ਚੌਧਰੀ ਦਾ ਨਾਂ ਦ੍ਰੋਣਾਚਾਰਿਆ ਪੁਰਸਕਾਰ ਲਈ, ਸਾਬਕਾ ਫ਼ਰਾਟਾ ਦੌੜਾਕ ਓਲੰਪੀਅਨ ਅਨੁਰਾਧਾ ਬਿਸਵਾਲ ਦਾ ਨਾਂ ਧਿਆਨਚੰਦ ਪੁਰਸਕਾਰ ਲਈ ਭੇਜਿਆ ਹੈ। ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਲਈ ਕੇ. ਆਈ. ਆਈ. ਟੀ. ਡੀਮਡ ਯੂਨੀਵਰਸਿਟੀ ਤੇ ਉੜੀਸਾ ਖਨਨ ਨਿਗਮ ਦੇ ਨਾਂ ਭੇਜੇ ਗਏ ਹਨ। 


author

Tarsem Singh

Content Editor

Related News