ਦਲੀਪ ਟਰਾਫੀ : ਰਿਸ਼ਭ ਪੰਤ ਫੇਲ, ਮੁਸ਼ੀਰ ਖਾਨ ਦੇ ਸੈਂਕੜੇ ਨਾਲ ਭਾਰਤ ਬੀ ਟੀਮ ਦਾ ਸਕੋਰ 200 ਤੋਂ ਪਾਰ

Thursday, Sep 05, 2024 - 06:12 PM (IST)

ਬੈਂਗਲੁਰੂ : ਰਿਸ਼ਭ ਪੰਤ ਲਾਲ ਗੇਂਦ ਦੀ ਕ੍ਰਿਕਟ ਵਿੱਚ ਵਾਪਸੀ ਨਾਲ ਸਿਰਫ਼ 10 ਗੇਂਦਾਂ ਤੱਕ ਹੀ ਚੱਲ ਸਕਿਆ ਪਰ ਮੁਸ਼ੀਰ ਖ਼ਾਨ ਦੇ ਅਜੇਤੂ ਸੈਂਕੜੇ ਦੀ ਬਦੌਲਤ ਇੰਡੀਆ-ਬੀ ਨੇ ਦਲੀਪ ਟਰਾਫ਼ੀ ਦੇ ਚਾਰ ਰੋਜ਼ਾ ਮੈਚ ਦੇ ਪਹਿਲੇ ਦਿਨ ਭਾਰਤ-ਏ ਖ਼ਿਲਾਫ਼ ਸੱਤ ਵਿਕਟਾਂ ’ਤੇ 202 ਦੌੜਾਂ ਬਣਾ ਲਈਆਂ।

19 ਸਾਲ ਦੇ ਮੁਸ਼ੀਰ ਨੇ 227 ਗੇਂਦਾਂ 'ਤੇ 10 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 105 ਦੌੜਾਂ ਬਣਾਈਆਂ। ਜਦਕਿ ਨਵਦੀਪ ਸੈਣੀ ਨੇ 29 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਨੇ ਅੱਠਵੀਂ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਲਾਂ ਵਿੱਚੋਂ ਕੱਢਿਆ। ਇਕ ਸਮੇਂ ਇੰਡੀਆ ਬੀ ਦੀਆਂ ਸੱਤ ਵਿਕਟਾਂ 94 ਦੌੜਾਂ 'ਤੇ ਡਿੱਗ ਚੁੱਕੀਆਂ ਸਨ। 14ਵੇਂ ਓਵਰ 'ਚ ਅਭਿਮਨਿਊ ਈਸ਼ਵਰਨ ਦਾ ਵਿਕਟ ਡਿੱਗਣ ਤੋਂ ਬਾਅਦ ਮੁਸ਼ੀਰ ਮੈਦਾਨ 'ਤੇ ਆਏ।

ਈਸ਼ਵਰਨ ਨੇ ਅਵੇਸ਼ ਖਾਨ ਦੇ ਆਫ ਸਟੰਪ ਦੇ ਬਾਹਰ ਜਾ ਰਹੀ ਗੇਂਦ ਨੂੰ ਹਿੱਟ ਕੀਤਾ ਅਤੇ ਵਿਕਟਕੀਪਰ ਧਰੁਵ ਜੁਰੇਲ ਨੇ ਡਾਈਵਿੰਗ ਕਰਦੇ ਹੋਏ ਸ਼ਾਨਦਾਰ ਕੈਚ ਲਿਆ। ਪਹਿਲੀ ਵਾਰ ਦਲੀਪ ਟਰਾਫੀ ਖੇਡ ਰਹੇ ਮੁਸ਼ੀਰ ਨੇ ਵਿਕਟ ਤੋਂ ਉਛਾਲ ਦਾ ਸਾਹਮਣਾ ਕਰਦੇ ਹੋਏ ਸੰਜਮ ਨਾਲ ਖੇਡਿਆ। ਉਸ ਨੇ ਤਨੁਸ਼ ਕੋਟੀਅਨ ਨੂੰ ਵੀ ਦੋ ਛੱਕੇ ਜੜੇ। ਮੁਸ਼ੀਰ ਨੂੰ ਅਵੇਸ਼ ਨੇ ਆਪਣੀ ਹੀ ਗੇਂਦ 'ਤੇ 69 ਦੇ ਸਕੋਰ 'ਤੇ ਜੀਵਨਦਾਨ ਦਿੱਤਾ।

ਅੰਡਰ-19 ਵਿਸ਼ਵ ਕੱਪ ਅਤੇ ਰਣਜੀ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਸ਼ੀਰ ਨੇ ਕੁਲਦੀਪ ਯਾਦਵ ਦੀ ਇਕ ਗੇਂਦ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਦਸੰਬਰ 2022 ਤੋਂ ਬਾਅਦ ਆਪਣਾ ਪਹਿਲਾ ਲਾਲ ਗੇਂਦ ਦਾ ਮੈਚ ਖੇਡ ਰਹੇ ਪੰਤ ਨੇ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡਿਆ ਅਤੇ ਆਕਾਸ਼ ਦੀਪ ਦੀ ਗੇਂਦ 'ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਹੋ ਗਏ। ਯਸ਼ਸਵੀ ਜਾਇਸਵਾਲ ਨੇ 59 ਗੇਂਦਾਂ 'ਚ 30 ਦੌੜਾਂ ਬਣਾਈਆਂ ਪਰ ਉਹ ਖਲੀਲ ਅਹਿਮਦ ਦੀ ਗੇਂਦ 'ਤੇ ਸ਼ਾਸ਼ਵਤ ਕੁਮਾਰ ਦੇ ਹੱਥੋਂ ਕੈਚ ਹੋ ਕੇ ਵਾਪਸ ਪਰਤ ਗਿਆ।


Tarsem Singh

Content Editor

Related News