ਦਲੀਪ ਟਰਾਫੀ ਮੈਚਾਂ ''ਚ ਖਿਡਾਰੀਆਂ ਦਾ ਡੋਪ ਟੈਸਟ ਸ਼ੁਰੂ ਕਰੇਗਾ ਨਾਡਾ

8/18/2019 3:16:31 PM

ਬੈਂਗਲੁਰੂ— ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਬੈਂਗਲੁਰੂ 'ਚ ਦਲੀਪ ਟਰਾਫੀ ਦੇ ਅਗਲੇ ਮੈਚ ਦੇ ਦੌਰਾਨ ਭਾਰਤੀ ਕ੍ਰਿਕਟ ਬੋਰਡ ਤੋਂ ਰਜਿਸਟਰਡ ਖਿਡਾਰੀਆਂ ਦਾ ਟੈਸਟ ਸ਼ੁਰੂ ਕਰ ਦੇਵੇਗਾ। ਨਾਡਾ ਨੇ ਪ੍ਰਮੁੱਖ ਡੋਪ ਕੰਟਰੋਲ ਅਧਿਕਾਰੀ (ਡੀ. ਸੀ. ਓ.) ਦੇ ਰੂਪ 'ਚ ਯੋਗ ਡਾਕਟਰਾਂ ਨੂੰ ਰੱਖਣ ਦੀ ਬੀ. ਸੀ. ਸੀ. ਆਈ. ਦੀ ਮੰਗ ਸਵੀਕਾਰ ਕਰ ਲਈ ਹੈ। ਹਾਲ ਹੀ 'ਚ ਬੀ. ਸੀ. ਸੀ. ਆਈ. ਦੇ ਮਹਾਪ੍ਰਬੰਧਕ (ਕ੍ਰਿਕਟ ਪਰਿਚਾਲਨ) ਸਬਾ ਕਰੀਮ ਦੀ ਡੋਪਿੰਗ ਰੋਕੂ ਇਕਾਈ ਦੇ ਪ੍ਰਮੁੱਖ ਡਾ. ਅਭੀਜੀਤ ਸਾਲਵੀ ਨੇ ਨਾਡਾ ਸੀਨੀਅਰ ਅਧਿਕਾਰੀਆਂ ਤੋਂ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਜਿਸ 'ਚ ਮਹਾਨਿਰਦੇਸ਼ਕ ਨਵੀਨ ਅਗਰਵਾਲ ਸ਼ਾਮਲ ਸਨ।
PunjabKesari
ਨਾਡਾ ਨੇ ਬੈਠਕ ਦੇ ਬਾਅਦ ਕਿਹਾ, ''ਅਸੀਂ ਇਹ ਭਾਗੀਦਾਰੀ ਛੇਤੀ ਹੀ ਦਲੀਪ ਟਰਾਫੀ ਤੋਂ ਹੀ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ।'' ਨਾਡਾ ਹਾਲਾਂਕਿ ਬੈਂਗਲੁਰੂ 'ਚ ਇੰਡੀਆ ਬਲੂ ਅਤੇ ਇੰਡੀਆ ਗ੍ਰੀਨ ਟੀਮਾਂ ਵਿਚਾਲੇ ਚਲ ਰਹੇ ਸ਼ੁਰੂਆਤੀ ਮੈਚ 'ਚ ਕਿਸੇ ਖਿਡਾਰੀ ਦੀ ਜਾਂਚ ਨਹੀਂ ਕਰੇਗੀ। ਹਾਲਾਂਕਿ ਅਜਿਹੀ ਸੰਭਾਵਨਾ ਹੈ ਕਿ ਕੁਝ ਟੈਸਟ 23 ਅਗਸਤ ਤੋਂ ਸ਼ੁਰੂ ਹੋਣ ਵਾਲੇ ਅਗਲੇ ਮੈਚ 'ਚ ਕੀਤੇ ਜਾਣ। ਬੀ. ਸੀ. ਸੀ. ਆਈ. ਨੇ ਸੈਸ਼ਨ ਦੇ ਘਰੇਲੂ ਮੈਚਾਂ ਦੇ ਪੂਰਨ ਪ੍ਰੋਗਰਾਮ ਦੀ ਸੂਚੀ ਸੌਂਪ ਦਿੱਤੀ ਹੈ ਜਿਸ 'ਚ ਮਿਤੀ ਅਤੇ ਸਥਾਨ ਸ਼ਾਮਲ ਹਨ ਤਾਂ ਜੋ ਨਾਡਾ ਆਪਣੇ ਟੈਸਟ ਲਈ ਕ੍ਰਿਕਟ ਪ੍ਰੋਗਰਾਮ ਤਿਆਰ ਕਰ ਸਕੇ। ਸਾਲਵੇ ਨੇ ਪੱਤਰਕਾਰਾਂ ਨੂੰ ਕਿਹਾ, ''ਦਲੀਪ ਟਰਾਫੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਇਦ ਉਹ ਅੱਗੇ ਦੇ ਮੈਚਾਂ ਲਈ ਆਉਣ। ਉਨ੍ਹਾਂ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਟੈਸਟ (ਅਚਨਚੇਤ ਜਾਂ ਨਿਰਧਾਰਤ ਸਮੇਂ 'ਤੇ) ਕਰਨਗੇ। ਉਮੀਦ ਹੈ ਕਿ ਉਹ ਮੈਚ ਦੇ ਦਿਨਾਂ (ਟੂਰਨਾਮੈਂਟ ਦੇ ਦੌਰਾਨ) ਕੁਝ ਟੈਸਟ ਕਰਨਗੇ।''
PunjabKesari
ਬੀ. ਸੀ. ਸੀ. ਆਈ. ਦੇ ਡੋਪਿੰਗ ਰੋਕੂ ਅਧਿਕਾਰੀ ਨੇ ਉੱਚ ਮਿਆਰ ਯਕੀਨੀ ਕਰਨ ਲਈ 'ਵਾਧੂ ਭੁਗਤਾਨ' ਦੀ ਗੱਲ 'ਤੇ ਕਿਹਾ, ''ਸਾਡੀ ਮੁੱਖ ਚਿੰਤਾ ਡੋਪ ਰੋਕੂ ਅਧਿਕਾਰੀਆਂ ਦੀ ਯੋਗਤਾ 'ਤੇ ਅਤੇ ਮਾਮਲਿਆਂ ਦੇ ਨਿਪਟਾਰੇ ਲਈ ਲਿਆ ਜਾਣ ਵਾਲਾ ਸਮਾਂ ਸੀ। ਨਾਡਾ ਨੇ ਸਾਨੂੰ ਦੋਹਾਂ ਬਾਰੇ ਭਰੋਸਾ ਦਿੱਤਾ ਹੈ। ਅਸੀਂ ਬੇਨਤੀ ਕੀਤੀ ਸੀ ਕਿ ਬੀ. ਸੀ. ਸੀ. ਆਈ. ਲਈ ਜੋ ਡੋਪ ਕੰਟਰੋਲ ਅਧਿਕਾਰੀ ਨਿਯੁਕਤ ਕੀਤੇ ਜਾਣ, ਉਹ ਮਾਨਤਾ ਪ੍ਰਾਪਤ ਡਾਕਟਰ (ਐੱਮ. ਬੀ. ਬੀ. ਐੱਸ.) ਹੋਣ ਜਿਨ੍ਹਾਂ ਨੂੰ ਡੋਪਿੰਗ ਦੇ ਸਬੰਧ 'ਚ ਜਾਣਕਾਰੀ ਹੋਵੇ।'' ਡੀ. ਸੀ. ਓ. ਜੇਕਰ ਡਾਕਟਰ ਹੋਵੇਗਾ ਤਾਂ ਇਸ 'ਚ ਵਾਧੂ ਭੁਗਤਾਨ ਹੋਵੇਗਾ ਅਤੇ ਬੀ. ਸੀ. ਸੀ. ਆਈ. ਇਸ ਦਾ ਭੁਗਤਾਨ ਕਰੇਗਾ ਜੋ ਮੁੱਖ ਕਾਰਜਕਾਰੀ ਅਧਿਕਾਰੀ ਰਾਹੂਲ ਜੌਹਰੀ ਨੇ ਸਪੱਸ਼ਟ ਕਰ ਦਿੱਤਾ ਹੈ।


Tarsem Singh

Edited By Tarsem Singh