T-20 WC: ਇਹ 4 ਕਾਰਨ ਬਣੇ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ

Tuesday, Nov 02, 2021 - 11:31 AM (IST)

T-20 WC: ਇਹ 4 ਕਾਰਨ ਬਣੇ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ

ਨਵੀਂ ਦਿੱਲੀ– ਇਕ ਕਪਤਾਨ ਜਿਹੜਾ ਆਪਣੀ ਸਮਰੱਥਾ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ, ਇਕ ਟੀਮ ਜਿਸ ਵਿਚ ਕੁਝ ਖਿਡਾਰੀਆਂ ਨੂੰ ਉਨ੍ਹਾਂ ਦੀ ਮੌਜੂਦਾ ਫਾਰਮ ਦੀ ਬਜਾਏ ਪ੍ਰਸਿੱਧੀ ਦੇ ਆਧਾਰ ’ਤੇ ਚੁਣਿਆ ਗਿਆ ਅਤੇ ਜੈਵ ਸੁਰੱਖਿਅਤ ਮਾਹੌਲ (ਬਾਇਓ-ਬਬਲ) ਦੇ ਦੌਰ ਵਿਚ ਹਾਵੀ ਹੁੰਦੀ ਥਕਾਨ ਭਾਰਤ ਦੇ ਟੀ-20 ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਮੁਹਿੰਮ ਦੇ ਕਾਰਨ ਰਹੇ। ਭਾਰਤ ਦੀ ਪਾਕਿਸਤਾਨ ਤੇ ਨਿਊਜ਼ੀਲੈਂਡ ਹੱਥੋਂ ਹਾਰ ਲਈ ਕੋਈ ਇਕ ਕਾਰਨ ਨਹੀਂ ਹੈ। ਸ਼ਾਹੀਨ ਸ਼ਾਹ ਅਫਰੀਦੀ ਦੀਆਂ ਪਹਿਲੀਆਂ 12 ਗੇਂਦਾਂ ਨੇ ਭਾਰਤੀਆਂ ਨੂੰ ਦਹਿਸ਼ਤ ਵਿਚ ਪਾ ਦਿੱਤਾ ਤਾਂ ਨਿਊਜ਼ੀਲੈਂਡ ਵਿਰੁੱਧ ਉਹ ਰਣਨੀਤੀ ਦੇ ਅਨੁਸਾਰ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੇ।

ਇਹ ਵੀ ਪੜ੍ਹੋ : ਖੇਡ ਮੰਤਰਾਲਾ ਨੇ 2020 ਰਾਸ਼ਟਰੀ ਖੇਡ ਐਵਾਰਡ ਜੇਤੂਆਂ ਨੂੰ ਟਰਾਫੀਆਂ ਸੌਂਪੀਆਂ

ਵਿਰਾਟ ਕੋਹਲੀ ਟੂਰਨਾਮੈਂਟ ਤੋਂ ਪਹਿਲਾਂ ਹੀ ਵਿਸ਼ਵ ਕੱਪ ਤੋਂ ਬਾਅਦ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕਰ ਚੁੱਕਾ ਹੈ। ਕੋਹਲੀ ਨੂੰ ਇਕ ਅਜਿਹੇ ਕਪਤਾਨ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ ਜਿਹੜਾ ਦੋ-ਪੱਖੀ ਲੜੀਆਂ ਵਿਚ ਸਫਲ ਰਿਹਾ ਪਰ ਵੱਡੀਆਂ ਪ੍ਰਤੀਯੋਗਿਤਾਵਾਂ, ਜਿਵੇਂ ਵਿਸ਼ਵ ਕੱਪ (ਟੀ-20 ਤੇ ਵਨ ਡੇ), ਚੈਂਪੀਅਨਸ ਟਰਾਫੀ ਜਾਂ ਆਈ. ਪੀ. ਐੱਲ. ਵਿਚ ਸਫਲਤਾ ਨਹੀਂ ਦਰਜ ਕਰ ਸਕਿਆ। ਮੰਨਿਆ ਜਾਂਦਾ ਹੈ ਕਿ ਕੋਹਲੀ ਨੂੰ ਦੋ-ਪੱਖੀ ਲੜੀਆਂ ਵਿਚ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ ਪਰ ਕਈ ਟੀਮਾਂ ਵਾਲੀਆਂ ਪ੍ਰਤੀਯੋਗਿਤਾਵਾਂ ਵਿਚ ਅਜਿਹਾ ਨਹੀਂ ਹੁੰਦਾ। ਲੱਗਦਾ ਹੈ ਕਿ ਇਸ ਮਾਮਲੇ ਵਿਚ ਉਸ ਦੀ ਰਣਨੀਤੀ ਕੰਮ ਨਹੀਂ ਕਰਦੀ। ਟੀਮ ਦੀ ਚੋਣ ਵਿਚ ਨਿਰੰਤਰਤਾ ਦੀ ਘਾਟ ਦੇਖੀ ਗਈ। ਨਿਊਜ਼ੀਲੈਂਡ ਵਿਰੁੱਧ ਰੋਹਿਤ ਸ਼ਰਮਾ ਦੀ ਬਜਾਏ ਇਸ਼ਾਨ ਕਿਸ਼ਨ ਤੋਂ ਪਾਰੀ ਦਾ ਆਗਾਜ਼ ਕਰਵਾਉਣ ਦਾ ਕਪਤਾਨ ਦਾ ਫੈਸਲਾ ਗਲਤ ਸਾਬਤ ਹੋਇਆ। ਆਰ. ਅਸ਼ਵਿਨ ਨੂੰ ਹਰੇਕ ਸਵਰੂਪ ਵਿਚ ਨਜ਼ਰਅੰਦਾਜ਼ ਕਰਨ ਨਾਲ ਕੋਹਲੀ ਦੇ ਆਪਣੇ ਖਿਡਾਰੀਆਂ ਦੇ ਸੰਬੰਧਾਂ ’ਤੇ ਸਵਾਲ ਉਠ ਰਹੇ ਹਨ। ਅਜਿਹੀ ਹਾਲਾਤ ਵਿਚ ਕੋਹਲੀ ਦੀ ਵਨ ਡੇ ਕਪਤਾਨੀ ਵੀ ਖ਼ਤਰੇ ਵਿਚ ਲੱਗ ਰਹੀ ਹੈ।

ਵਨ ਡੇ ਵਿਸ਼ਵ ਕੱਪ 2023 ਵਿਚ ਭਾਰਤ ਵਿਚ ਖੇਡਿਆ ਜਾਣਾ ਹੈ ਤੇ ਅਜਿਹੇ ਵਿਚ ਟੀਮ ਨੂੰ ਇਕ ਨਵੇਂ ਕਪਤਾਨ ਦੀ ਦੇਖ-ਰੇਖ ਵਿਚ ਤਿਆਰ ਕੀਤਾ ਜਾ ਸਕਦਾ ਹੈ। ਆਲਰਾਊਂਡਰ ਹਾਰਦਿਕ ਪੰਡਯਾ ਦੀ ਫਿਟਨੈੱਸ ਨੂੰ ਲੈ ਕੇ ਸ਼ੁਰੂ ਤੋਂ ਹੀ ਟੀਮ ਵਿਚ ਭੁਲੇਖੇ ਵਰਗੀ ਸਥਿਤੀ ਬਣੀ ਰਹੀ ਹੈ। ਪੂਰੀ ਤਰ੍ਹਾਂ ਨਾਲ ਫਿੱਟ ਨਾ ਹੋਣ ਦੇ ਬਾਵਜੂਦ ਹਾਰਦਿਕ ਦੀ ਚੋਣ ਕਰਨ ਦਾ ਮਤਲਬ ਹੈ ਕਿ ਚੋਣਕਾਰਾਂ ਤੋਂ ਲੈ ਕੇ ਟੀਮ ਮੈਨੇਜਮੈਂਟ ਵਿਚ ਗੱਲਬਾਤ ਦੀ ਘਾਟ ਰਹੀ। ਆਈ. ਪੀ.ਐੱਲ. ਤੋਂ ਬਾਅਦ ਜਦੋਂ ਲੱਗਣ ਲੱਗਾ ਸੀ ਕਿ ਹਾਰਦਿਕ ਗੇਂਦਬਾਜ਼ੀ ਨਹੀਂ ਕਰ ਸਕੇਗਾ ਤਾਂ ਆਨਨ-ਫਾਨਨ ਵਿਚ ਅਕਸ਼ਰ ਪਟੇਲ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਦੇ ਬਦਲ ਦੇ ਰੂਪ ਵਿਚ ਰੱਖਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਟੀਮ ਟੀ-20 ਵਿਸ਼ਵ ਕੱਪ ਦੀ ਅਸਲ ਚੁਣੌਤੀ ਨੂੰ ਲੈ ਕੇ ਬਹੁਤ ਗੰਭੀਰ ਨਹੀਂ ਹੈ। ਹਾਰਦਿਕ ਦੀ ਚੋਣ ਹੋਵੇ ਜਾਂ ਫਾਰਮ ਦੀ ਬਜਾਏ ਖਿਡਾਰੀਆਂ ਦੀ ਹੈਸੀਅਤ ਨੂੰ ਤਵੱਜੋ ਦੇਣ ਲਈ ਚੋਣਕਾਰਾਂ ਨੂੰ ਵੀ ਜਵਾਬ ਦੇਣਾ ਪਵੇਗਾ। ਫਾਰਮ ’ਤੇ ਧਿਆਨ ਦਿੱਤਾ ਜਾਂਦਾ ਤਾਂ ਰਿਤੂਰਾਜ ਗਾਇਕਵਾੜ ਟੀਮ ਵਿਚ ਜਗ੍ਹਾ ਬਣਾਉਣ ਦਾ ਹੱਕਦਾਰ ਸੀ, ਜਿਸ ਨੇ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ। 

ਭੁਵਨੇਸ਼ਵਰ ਕੁਮਾਰ ਪਿਛਲੇ ਦੋ ਸਾਲਾਂ ਤੋਂ ਕਿਸੇ ਵੀ ਮੰਚ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਦੀ ਗੇਂਦਬਾਜ਼ੀ ਵਿਚ ਹੁਣ ਪਹਿਲਾਂ ਵਰਗੀ ਧਾਰ ਨਹੀਂ ਰਹੀ ਪਰ ਤਦ ਦੀਪਕ ਚਾਹਰ ਦੀ ਬਜਾਏ ਉਸ ਨੂੰ ਚੁਣਿਆ ਗਿਆ। ਦੀਪਕ ਅਜਿਹਾ ਗੇਂਦਬਾਜ਼ ਹੈ, ਜਿਹੜਾ ਪਾਵਰ ਪਲੇਅ ਵਿਚ ਵਿਕਟਾਂ ਲੈਣ ਵਿਚ ਮਾਹਿਰ ਹੈ। ਇਸੇ ਤਰ੍ਹਾਂ ਨਾਲ ਲੈੱਗ ਸਪਿਨਰ ਦੇ ਰੂਪ ਵਿਚ ਰਾਹੁਲ ਚਾਹਰ ਨੂੰ ਚੁਣਿਆ ਗਿਾ ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਦੇ ਪਲੇਅ ਆਫ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਜਵੇਂਦਰ ਚਾਹਲ ਨੂੰ ਰਿਜ਼ਰਵ ਵਿਚ ਵੀ ਜਗ੍ਹਾ ਨਹੀਂ ਦਿੱਤੀ ਗਈ।

ਟੀਮ ਦਾ ਪਿਛਲੇ ਚਾਰ ਮਹੀਨਿਆਂ ਤੋਂ ਜੈਵ ਸੁਰੱਖਿਅਤ ਮਾਹੌਲ (ਬਾਇਓ-ਬਬਲ) ਵਿਚ ਰਹਿਣਾ ਵੀ ਹਾਰ ਦਾ ਇਕ ਕਾਰਨ ਰਿਹਾ। ਇਸ ਦਾ ਅਸਰ ਭਾਰਤੀ ਖਿਡਾਰੀਆਂ ਦੀ ਬਾਡੀ ਲੈਂਗੂਏਜ਼ ’ਤੇ ਸਪੱਸ਼ਟ ਪੈਂਦਾ ਹੈ। ਇਸਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਵੀ ਜ਼ਿੰਮੇਵਾਰ ਹੈ, ਜਿਸ ਨੇ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਈ. ਪੀ. ਐੱਲ. ਦਾ ਆਯੋਜਨ ਕਰਕੇ ਖਿਡਾਰੀਆਂ ਨੂੰ ਤਰੋਤਾਜ਼ਾ ਹੋਣ ਦਾ ਮੌਕਾ ਨਹੀਂ ਦਿੱਤਾ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਬਟਲਰ ਨੇ ਦਿੱਤਾ ਇਹ ਵੱਡਾ ਬਿਆਨ

ਇਸ ਤੋਂ ਇਲਾਵਾ ਭਾਰਤ ਵਿਚ ਕ੍ਰਿਕਟ ਪ੍ਰਤੀ ਦੀਵਾਨਗੀ ਨੂੰ ਦੇਖਦੇ ਹੋਏ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਉਸ ਨੂੰ ਲੁਭਾਉਣ ਦੀ ਰਣਨੀਤੀ ਵੀ ਟੀਮ ’ਤੇ ਭਾਰੀ ਪੈ ਰਹੀ ਹੈ। ਭਾਰਤ ਦੇ ਸਾਰੇ ਮੈਚ ਸ਼ਾਮ ਨੂੰ ਹਨ ਜਦੋਂ ਤਰੇਲ ਆਪਣੀ ਭੂਮਿਕਾ ਨਿਭਾ ਰਹੀ ਹੈ। ਸਾਰੀਆਂ ਚੋਟੀ ਦੀਆਂ ਟੀਮਾਂ ਜਿਵੇਂ ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ, ਸ਼੍ਰੀਲੰਕਾ ਆਦਿ ਦਾ ਦਿਨ ਵਿਚ ਘੱਟ ਤੋਂ ਘੱਟ ਇਕ ਮੈਚ ਹੈ। ਤਦ ਪਹਿਲਾਂ ਬੱਲੇਬਾਜ਼ੀ ਕਰਨ ’ਤੇ ਤਰੇਲ ਦੀ ਭੂਮਿਕਾ ਨਹੀਂ ਹੁੰਦੀ ਪਰ ਸ਼ਾਮ ਦੇ ਮੈਚਾਂ ਵਿਚ ਟਾਸ ਗਵਾਉਣ ਤੇ ਪਹਿਲਾਂ ਫੀਲਡਿੰਗ ਕਰਨ ਵਾਲੀ ਟੀਮ ਦੀ ਹਾਰ ਦੀ ਸੰਭਾਵਨਾ ਵਧ ਜਾਂਦੀ ਹੈ। ਭਾਰਤ ਦੋਵਾਂ ਮੈਚਾਂ ਵਿਚ ਟਾਸ ਗੁਆ ਬੈਠਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News