ਦ੍ਰਾਵਿੜ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਖਿਡਾਰੀ ਨੇ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਦੇ ਅਹੁਦੇ ਲਈ ਦਿੱਤੀ ਅਰਜ਼ੀ

10/25/2021 4:40:36 PM

ਨਵੀਂ ਦਿੱਲੀ- ਭਾਰਤ-ਏ ਤੇ ਅੰਡਰ-19 ਟੀਮਾਂ ਦੇ ਨਾਲ ਕਾਫ਼ੀ ਕਾਮਯਾਬ ਰਹੇ ਸਾਬਕਾ ਤੇਜ਼ ਗੇਂਦਬਾਜ਼ ਪਾਰਸ ਮਹਾਬਰੇ ਨੇ ਸੀਨੀਅਰ ਗੇਂਦਬਾਜ਼ੀ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਮਹਾਬ੍ਰੇ ਕਰੀਬ ਇਕ ਦਹਾਕੇ ਤੋਂ ਰਾਸ਼ਟਰੀ ਕ੍ਰਿਕਟ ਅਕੈਡਮੀ ਨਾਲ ਜੁੜੇ ਹਨ ਤੇ ਰਾਹੁਲ ਦ੍ਰਾਵਿੜ ਦੇ ਕਰੀਬੀ ਮੰਨੇ ਜਾਂਦੇ ਹਨ। ਦ੍ਰਾਵਿੜ ਭਾਰਤੀ ਟੀਮ ਦੇ ਅਗਲੇ ਮੁੱਖ ਕੋਚ ਹੋ ਸਕਦੇ ਹਨ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪਾਰਸ ਨੇ ਅਹੁਦੇ ਲਈ ਅੱਜ ਅਰਜ਼ੀ ਦਿੱਤੀ ਹੈ। ਅਰਜ਼ੀ ਦੇਣ ਦੀ ਆਖ਼ਰੀ ਮਿਤੀ 26 ਅਕਤੂਬਰ ਹੈ। ਪਾਰਸ ਕੋਲ ਕਾਫ਼ੀ ਤਜਰਬਾ ਹੈ ਤੇ ਪਿਛਲੇ ਇਕ ਦਹਾਕੇ ਤੋਂ ਭਾਰਤੀ ਕ੍ਰਿਕਟ ਦੀ ਐਲੀਟ ਕੋਚਿੰਗ ਵਿਵਸਥਾ ਦਾ ਹਿੱਸਾ ਰਹੇ ਹਨ।''

ਬੀ. ਸੀ. ਸੀ. ਆਈ. ਦਾ ਮੰਨਣਾ ਹੈ ਕਿ ਮੌਜੂਦਾ ਤੇਜ਼ ਗੇਂਦਬਾਜ਼ਾਂ ਮੁਹੰਮਦ ਸੰਮੀ, ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਦੇ ਜਾਣ ਦੇ ਬਾਅਦ ਅਗਲੀ ਜਮਾਤ ਦੇ ਨਵੇਂ ਖਿਡਾਰੀ ਮਹਾਬ੍ਰੇ ਦੇ ਮਾਰਗਦਰਸ਼ਨ 'ਚ ਅੰਡਰ-19 ਜਾਂ ਏ ਟੀਮ ਦੇ ਲਈ ਖੇਡ ਚੁੱਕੇ ਹਨ। ਬੀ. ਸੀ. ਸੀ. ਆਈ. ਸੂਤਰਾਂ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਦ੍ਰਾਵਿੜ ਮੁੱਖ ਕੋਚ ਦਾ ਅਹੁਦਾ ਸੰਭਾਲਣ ਲਈ ਤਿਆਰ ਹੋ ਗਏ ਹਨ। ਰਵੀ ਸ਼ਾਸਤਰੀ ਦਾ ਕਾਰਜਕਾਲ ਟੀ-20 ਵਰਲਡ ਕੱਪ ਦੇ ਬਾਅਦ ਖ਼ਤਮ ਹੋ ਰਿਹਾ ਹੈ।

ਮਹਾਬ੍ਰੇ ਦੀ ਅਰਜ਼ੀ ਦੇ ਮਾਇਨੇ ਹਨ ਕਿ ਉਨ੍ਹਾਂ ਦੀ ਕੋਰ ਟੀਮ ਦੇ ਮੈਂਬਰ ਭਾਰਤੀ ਟੀਮ ਦੇ ਨਾਲ ਕੰਮ ਕਰਨ 'ਚ ਦਿਲਚਸਪੀ ਰਖਦੇ ਹਨ। ਮਹਾਬ੍ਰੇ 1996 ਤੋਂ 1998 ਦਰਮਿਆਨ ਭਾਰਤ ਲਈ ਦੋ ਟੈਸਟ ਤੇ ਤਿੰਨ ਵਨ-ਡੇ ਖੇਡ ਚੁੱਕੇ ਹਨ। ਉਨ੍ਹਾਂ ਨੇ ਮੁੰਬਈ ਲਈ 91 ਪਹਿਲੇ ਦਰਜੇ ਦੇ ਮੈਚ ਖੇਡ ਕੇ 284 ਵਿਕਟਾਂ ਲਈਆਂ ਹਨ। ਉਹ ਰਣਜੀ ਟਰਾਫ਼ੀ 'ਚ ਬੰਗਾਲ ਤੇ ਬੜੌਦਾ ਦੇ ਕੋਚ ਰਹਿ ਚੁੱਕੇ ਹਨ।


Tarsem Singh

Content Editor

Related News