BCCI ਦੇ ਐਥਿਕਸ ਅਫਸਰ ਦਾ ਵੀ ਕਾਰਜਭਾਰ ਸੰਭਾਲਣਗੇ ਲੋਕਪਾਲ ਡੀ.ਕੇ. ਜੈਨ
Thursday, Mar 28, 2019 - 03:47 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦਾ ਸੰਚਾਲਨ ਕਰਨ ਵਾਲੇ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਵੀਰਵਾਰ ਨੂੰ ਕਿਹਾ ਨਵੇਂ ਚੁਣੇ ਗਏ ਲੋਕਪਾਲ ਜੱਜ (ਸੇਵਾ ਮੁਕਤ) ਡੀ.ਕੇ. ਜੈਨ ਬੀ.ਸੀ.ਸੀ.ਆਈ. ਦੇ ਅਸਥਾਈ ਐਥਿਕਸ ਅਫਸਰ ਦੀ ਭੂਮਿਕਾ ਵੀ ਨਿਭਾਉਣਗੇ। ਉਹ ਆਪਣੇ ਇਸ ਅਹੁਦੇ 'ਤੇ ਨਵੇਂ ਐਥਿਕਸ ਅਫਸਰ ਦੀ ਨਿਯੁਕਤੀ ਹੋਣ ਤਕ ਬਣੇ ਰਹਿਣਗੇ।
ਸੀ.ਓ.ਏ ਨੇ 28 ਅਕਤੂਬਰ 2018 ਨੂੰ ਦਾਇਰ ਆਪਣੀ 10ਵੀਂ ਸਥਿਤੀ ਰਿਪੋਰਟ 'ਚ ਸੁਪਰੀਮ ਕੋਰਟ ਤੋਂ ਬੇਨਤੀ ਕੀਤੀ ਸੀ ਕਿ ਉਹ ਹਿੱਤਾਂ ਦੇ ਟਕਰਾਅ ਦੇ ਮਾਮਲਿਆਂ ਲਈ ਲੋਕਪਾਲ ਦੇ ਇਲਾਵਾ ਇਕ ਐਥਿਕਸ ਅਫਸਰ ਵੀ ਨਿਯੁਕਤ ਕਰੇ। ਜੱਜ ਜੈਨ ਅਸਥਾਈ ਐਥਿਕਸ ਅਫਸਰ ਦੇ ਰੂਪ 'ਚ ਵੀ ਕੰਮ ਕਰਨ ਨੂੰ ਤਿਆਰ ਹੋ ਗਏ ਹਨ ਅਤੇ ਉਹ ਹਿੱਤਾਂ ਦੇ ਟਕਰਾਅ ਦੇ ਸਾਰੇ ਮਾਮਲੇ ਨੂੰ ਦੇਖਣਗੇ। ਜੱਜ ਜੈਨ ਪਹਿਲਾਂ ਹੀ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦਾ ਮਾਮਲਾ ਦੇਖ ਰਹੇ ਹਨ। ਇਨ੍ਹਾਂ ਦੋਹਾਂ ਕ੍ਰਿਕਟਰਾਂ ਨੂੰ ਟੈਲੀਵਿਜ਼ਨ ਪ੍ਰੋਗਰਾਮ ਦੇ ਦੌਰਾਨ ਵਿਵਾਦਤ ਟਿੱਪਣੀ ਕਰਨ ਦੇ ਦੋਸ਼ 'ਚ ਬੀ.ਸੀ.ਸੀ.ਆਈ. ਨੇ ਬੈਨ ਕਰ ਦਿੱਤਾ ਸੀ ਪਰ ਬਾਅਦ 'ਚ ਦੋਹਾਂ ਨੂੰ ਖੇਡਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।