ਜੋਕੋਵਿਚ ਨੇ ਮੈਰਾਥਨ ਮੁਕਾਬਲੇ ’ਚ ਅਲਕਾਰਾਜ਼ ਨੂੰ ਹਰਾ ਕੇ ਸਿਨਸਿਨਾਟੀ ਕੱਪ ਜਿੱਤਿਆ

08/22/2023 2:48:06 PM

ਮੇਸਨ - ਨੋਵਾਕ ਜੋਕੋਵਿਚ ਨੇ ਲਗਭਗ 4 ਘੰਟੇ ਤੱਕ ਚੱਲੇ ਮੈਰਾਥਨ ਮੁਕਾਬਲੇ ’ਚ ਵਿਸ਼ਵ ਦੇ ਨੰਬਰ-1 ਖਿਡਾਰੀ ਕਾਰਲੋਸ ਅਲਕਾਰਾਜ਼ ਨੂੰ ਹਾਰ ਕੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਵਿਚ ਪੁਰਸ਼ ਸਿੰਗਲ ਦਾ ਖਿਤਾਬ ਜਿੱਤਿਆ। ਜੋਕੋਵਿਚ ਨੇ ਇਹ ਮੈਚ 5-7, 7-6 (7), 7-6 (4) ਨਾਲ ਜਿੱਤ ਕੇ ਅਲਕਾਰਾਜ ਕੋਲੋਂ ਪਿਛਲੇ ਮਹੀਨੇ ਵਿੰਬਲਡਨ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। 

ਇਹ ਮੈਚ 3 ਘੰਟੇ 49 ਮਿੰਟ ਤੱਕ ਚੱਲਿਆ, ਜੋ ਕਿ 1990 ਤੋਂ ਬਾਅਦ ਏ. ਟੀ. ਪੀ. ਟੂਰ ਦੇ ਇਤਿਹਾਸ ਵਿਚ ਸਭ ਤੋਂ ਲੰਬਾ 3 ਸੈੱਟ ਵਾਲਾ ਫਾਈਨਲ ਸੀ। ਦੂਸਰਾ ਦਰਜਾ ਪ੍ਰਾਪਤ ਜੋਕੋਵਿਚ ਦੇ ਕਰੀਅਰ ਦਾ ਇਹ 95ਵਾਂ ਖਿਤਾਬ ਹੈ ਅਤੇ ਉਹ ਇਵਾਨ ਲੇਂਡਲ ਨੂੰ ਪਿੱਛੇ ਛੱਡ ਕੇ 1968 ਤੋਂ ਬਾਅਦ ਓਪਨ ਯੁਗ ਵਿਚ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੇ ਖਿਡਾਰੀਆਂ ਵਿਚ ਤੀਸਰੇ ਨੰਬਰ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ

ਸਰਬੀਆ ਦਾ ਰਹਿਣ ਵਾਲਾ ਜੋਕੋਵਿਚ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਕਾਰਨ ਪਿਛਲੇ 2 ਸਾਲਾਂ ਵਿਚ ਅਮਰੀਕੀ ਧਰਤੀ ’ਤੇ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਿਹਾ ਸੀ। ਉਸ ਨੇ 5ਵੇਂ ਮੈਚ ਪੁਆਇੰਟ ’ਤੇ ਜਿੱਤ ਦਰਜ ਕਰ ਕੇ 6 ਸਾਲਾਂ ਵਿਚ ਸਨਸਿਨਾਟੀ ਵਿਚ ਆਪਣਾ ਤੀਸਰਾ ਖਿਤਾਬ ਜਿੱਤਿਆ। 

ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਜਿੰਨੇ ਵੀ ਟੂਰਨਾਮੈਂਟ ਖੇਡੇ, ਉਨ੍ਹਾਂ ਸਾਰਿਆਂ ਵਿਚ ਇਹ ਸਭ ਤੋਂ ਵੱਧ ਰੋਮਾਂਚਕ ਮੈਚਾਂ ਵਿਚੋਂ ਇਕ ਸੀ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿ ਮੈਂ ਗ੍ਰੈਂਡ ਸਲੈਮ ਵਿਚ ਖੇਡ ਰਿਹਾ ਹੋਵਾਂ। ਇਹ ਸਿਨਸਿਨਾਟੀ ’ਚ ਖੇਡਿਆ ਗਿਆ ਸਭ ਤੋਂ ਲੰਬੀ ਮਿਆਦ ਦਾ ਮੈਚ ਸੀ। ਪਿਛਲਾ ਰਿਕਾਰਡ 2010 ਵਿਚ ਬਣਿਆ ਸੀ, ਜਦੋਂ ਰੋਜ਼ਰ ਫੈੱਡਰਰ ਨੇ ਮਾਰਡੀ ਫਿਸ਼ ਨੂੰ 2 ਘੰਟੇ 49 ਮਿੰਟ ’ਚ ਹਰਾਇਆ ਸੀ। ਅਲਕਰਾਜ਼ ਨੇ ਪਿਛਲੇ ਮਹੀਨੇ ਵਿੰਬਲਡਨ ਦੇ ਫਾਈਨਲ ਵਿਚ ਜੋਕੋਵਿਚ ਨੂੰ 5 ਸੈੱਟ ਵਿਚ ਹਰਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News