ਆਪਣੇ 100ਵੇਂ ਟੂਰ ਪੱਧਰੀ ਖਿਤਾਬ ਦੀ ਭਾਲ ਵਿਚ ਮੈਡ੍ਰਿਡ ਓਪਨ ਵਿਚ ਖੇਡੇਗਾ ਜੋਕੋਵਿਚ
Wednesday, Apr 23, 2025 - 10:32 AM (IST)

ਮੈਡ੍ਰਿਡ– ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਆਪਣਾ 100ਵਾਂ ਟੂਰ-ਪੱਧਰੀ ਖਿਤਾਬ ਹਾਸਲ ਕਰਨ ਦੀ ਉਮੀਦ ਵਿਚ 3 ਸਾਲ ਵਿਚ ਪਹਿਲੀ ਵਾਰ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਵਿਚ ਖੇਡੇਗਾ। ਜੋਕੋਵਿਚ ਨੂੰ ਟੂਰਨਾਮੈਂਟ ਵਿਚ ਚੌਥਾ ਦਰਜਾ ਦਿੱਤਾ ਗਿਆ ਹੈ। ਉਸ ਨੂੰ ਡਰਾਅ ਦੇ ਉਸੇ ਅੱਧ ਵਿਚ ਰੱਖਿਆ ਗਿਆ ਹੈ, ਜਿਸ ਵਿਚ ਸਥਾਨਕ ਖਿਡਾਰੀ ਤੇ ਪਿਛਲੇ ਦੋ ਕਲੇਅ ਕੋਰਟ ਟੂਰਨਾਮੈਂਟਾਂ ਦੇ ਫਾਈਨਲ ਵਿਚ ਪਹੁੰਚਣ ਵਾਲਾ ਕਾਰਲੋਸ ਅਲਕਾਰਾਜ਼ ਵੀ ਹੈ।
ਮੈਡ੍ਰਿਡ ਵਿਚ 3 ਵਾਰ ਦੇ ਚੈਂਪੀਅਨ 37 ਸਾਲਾ ਜੋਕੋਵਿਚ ਨੇ 2022 ਵਿਚ ਸੈਮੀਫਾਈਨਲ ਵਿਚ ਅਲਕਾਰਾਜ਼ ਹੱਥੋਂ ਹਾਰ ਜਾਣ ਤੋਂ ਬਾਅਦ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ ਸੀ। ਜੋਕੋਵਿਚ ਨੇ ਆਪਣਾ 99ਵਾਂ ਖਿਤਾਬ ਪਿਛਲੇ ਅਗਸਤ ਵਿਚ ਪੈਰਿਸ ਓਲੰਪਿਕ ਵਿਚ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੂੰ ਚਾਰ ਟੂਰਨਾਮੈਂਟ ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਵਿਚ ਪਿਛਲੇ ਮਹੀਨੇ ਮਿਆਮੀ ਓਪਨ ਦਾ ਫਾਈਨਲ ਵੀ ਸ਼ਾਮਲ ਹੈ।