ਜੋਕੋਵਿਚ ਹਾਰਿਆ, ਫੈਡਰਰ, ਯੂਕੀ ਜਿੱਤੇ

03/12/2018 1:44:40 PM

ਨਿਊਯਾਰਕ, (ਬਿਊਰੋ)— ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਬੀ.ਐੱਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ 'ਚ ਕੁਆਲੀਫਾਇਰ ਖਿਡਾਰੀ ਦੇ ਹੱਥੋਂ ਹੈਰਾਨ ਕਰਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਬਿਹਤਰੀਨ ਲੈਅ 'ਚ ਖੇਡ ਰਹੇ ਸਵਿਸ ਸਟਾਰ ਰੋਜਰ ਫੈਡਰਰ ਅਤੇ ਭਾਰਤ ਦੇ ਯੂਕੀ ਭਾਂਬਰੀ ਨੇ ਆਪਣੇ-ਆਪਣੇ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ।

ਜੋਕੋਵਿਚ ਨੂੰ ਪੁਰਸ਼ ਸਿੰਗਲ ਦੇ ਦੂਜੇ ਰਾਊਂਡ 'ਚ ਜਾਪਾਨੀ ਕੁਆਲੀਫਾਇਰ ਤਾਰੋ ਡੇਨੀਅਲ ਨੇ 7-6, 4-6, 6-1 ਨਾਲ ਸਖਤ ਮੁਕਾਬਲੇ 'ਚ ਹਰਾ ਕੇ ਬਾਹਰ ਕਰ ਦਿੱਤਾ ਹੈ। ਕੂਹਣੀ ਦੀ ਸਰਜਰੀ ਦੇ ਬਾਅਦ ਵਾਪਸੀ ਕਰ ਰਹੇ ਜੋਕੋਵਿਚ ਦੇ ਲਈ ਇੰਡੀਅਨ ਵੇਲਸ 'ਚ ਇਹ ਸ਼ੁਰੂਆਤੀ ਰਾਊਂਡ 'ਚ ਹੀ ਹਾਰ ਹੈਰਾਨ ਕਰਨ ਵਾਲੀ ਹੈ ਜਿੱਥੇ ਉਹ ਪੰਜ ਵਾਰ ਚੈਂਪੀਅਨ ਰਹਿ ਚੁੱਕੇ ਹਨ। ਪਿਛਲੇ ਸਾਲ ਵਿੰਬਲਡਨ ਦੇ ਬਾਅਦ ਸਰਬੀਆਈ ਖਿਡਾਰੀ ਨੇ 6 ਮਹੀਨਿਆਂ ਦਾ ਬ੍ਰੇਕ ਲਿਆ ਸੀ ਅਤੇ ਇਸ ਸਾਲ ਜਨਵਰੀ 'ਚ ਆਸਟਰੇਲੀਅਨ ਓਪਨ ਦੇ ਚੌਥੇ ਰਾਊਂਡ 'ਚ ਹਾਰ ਗਏ ਸਨ।

ਹਾਲਾਂਕਿ 109ਵੀਂ ਰੈਂਕਿੰਗ ਦੇ ਤਾਰੋ ਦੇ ਖਿਲਾਫ ਉਨ੍ਹਾਂ ਦੀ ਹਾਰ ਨੇ ਜੋਕੋਵਿਚ ਦੇ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੋਕੋਵਿਚ ਜਿਹੇ ਵੱਡੇ ਖਿਡਾਰੀ ਦੇ ਉਲਟਫੇਰ ਦੇ ਵਿਚਾਲੇ ਭਾਰਤੀ ਖਿਡਾਰੀ ਭਾਂਬਰੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਨੌਵੀਂ ਸੀਡ ਫਰਾਂਸ ਦੇ ਲੁਕਾਸ ਪੋਈਲੀ ਨੂੰ ਲਗਾਤਾਰ ਸੈਟਾਂ 'ਚ 6-4, 6-4 ਨਾਲ ਹਰਾਇਆ। 

ਹਾਲਾਂਕਿ ਦੂਜੇ ਪਾਸੇ ਸਾਬਕਾ ਚੈਂਪੀਅਨ ਫੈਡਰਰ ਨੇ ਸੰਭਲਦੇ ਹੋਏ ਅਰਜਨਟੀਨਾ ਦੇ ਫੇਡੇਰਿਕੋ ਡੇਲਬੋਨਿਸ ਨੂੰ 6-3, 7-6 ਨਾਲ ਹਰਾਇਆ। ਫੈਡਰਰ ਦਾ ਮੈਚ ਵਰਖਾ ਨਾਲ ਪ੍ਰਭਾਵਿਤ ਰਿਹਾ ਸੀ ਅਤੇ ਦੂਜੇ ਦਿਨ ਜਾ ਕੇ ਉਨ੍ਹਾਂ ਨੇ ਆਪਣਾ ਮੈਚ ਪੂਰਾ ਕੀਤਾ। ਜਦਕਿ ਫਰਾਂਸ ਦੇ ਗਾਇਲ ਮੋਂਫਿਲਸ ਨੇ ਮੈਚ ਪੁਆਇੰਟ ਦਾ ਸਾਹਮਣਾ ਕਰਨ ਦੇ ਬਾਅਦ ਅਮਰੀਕਾ ਦੇ ਜਾਨ ਇਸਨਰ ਨੂੰ 6-7, 7-6, 7-5 ਨਾਲ ਹਰਾਇਆ।


Related News