ਰਾਸ਼ਟਰਮੰਡਲ ਖੇਡਾਂ ਜਿਹੀ ਪ੍ਰਤੀਯੋਗਿਤਾ ''ਚ ਹਿੱਸਾ ਨਾ ਲੈ ਸਕਣਾ ਨਿਰਾਸ਼ਾਜਨਕ : ਨਵਜੋਤ
Saturday, Sep 03, 2022 - 08:10 PM (IST)
ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਨਵਜੋਤ ਕੌਰ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਵਰਗੇ ਵੱਡੇ ਖੇਡ ਮੁਕਾਬਲੇ 'ਚ ਨਾ ਖੇਡ ਸਕਣਾ ਨਿਰਾਸ਼ਾਜਨਕ ਹੈ। ਕੋਵਿਡ-19 ਪਾਜ਼ੇਟਿਵ ਹੋਣ ਕਾਰਨ ਉਹ ਇਸ ਮੁਕਾਬਲੇ 'ਚ ਨਹੀਂ ਖੇਡ ਸਕੀ ਸੀ। 27 ਸਾਲਾ ਇਹ ਖਿਡਾਰੀ ਬਰਮਿੰਘਮ ਪਹੁੰਚਣ 'ਤੇ ਕੋਵਿਡ-19 ਪਾਜ਼ੇਟਿਵ ਪਾਈ ਗਈ ਸੀ ਅਤੇ ਉਸ ਨੂੰ ਮੁੜ ਵਤਨ ਪਰਤਣਾ ਪਿਆ।
ਭਾਰਤ ਲਈ 200 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਨਵਜੋਤ ਨੇ ਇੱਥੇ ਰਾਸ਼ਟਰੀ ਕੈਂਪ ਦੇ ਬਾਹਰ ਕਿਹਾ- ਇਸ ਤਰ੍ਹਾਂ ਟੀਮ ਨੂੰ ਛੱਡਣਾ ਬਹੁਤ ਨਿਰਾਸ਼ਾਜਨਕ ਸੀ। ਮੇਰੇ ਲਈ ਇਸ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਲ ਸੀ। ਉਸ ਨੇ ਕਿਹਾ ਕਿ ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਵੱਡੇ ਟੂਰਨਾਮੈਂਟ ਨੂੰ ਖੇਡਣ ਤੋਂ ਨਹੀਂ ਖੁੰਝੀ ਸੀ। ਇਸ ਲਈ ਕਰੀਅਰ 'ਚ ਪਹਿਲੀ ਵਾਰ ਅਜਿਹੀ ਸਥਿਤੀ 'ਤੇ ਕਾਬੂ ਪਾਉਣਾ ਮੇਰੇ ਲਈ ਆਸਾਨ ਨਹੀਂ ਸੀ।
ਨਾਟਿੰਘਮ ਵਿੱਚ ਇੱਕ ਟ੍ਰੇਨਿੰਗ ਕੈਂਪ ਦੌਰਾਨ ਨਵਜੋਤ ਦਾ ਟੈਸਟ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਉਸ ਨੇ ਕਿਹਾ- ਮੇਰੇ ਵਿੱਚ ਕੋਈ ਖਾਸ ਲੱਛਣ ਨਹੀਂ ਸਨ ਅਤੇ ਮੈਨੂੰ ਉਮੀਦ ਸੀ ਕਿ ਜਦੋਂ ਤੱਕ ਟੀਮ ਖੇਡ ਪਿੰਡ ਨਹੀਂ ਪਹੁੰਚਦੀ ਮੈਂ ਉਸ ਨਾਲ ਜੁੜ ਜਾਵਾਂਗੀ । ਮੇਰੀ ਹਰ ਰੋਜ਼ ਜਾਂਚ ਕੀਤੀ ਜਾਂਦੀ ਸੀ ਅਤੇ ਬਦਕਿਸਮਤੀ ਨਾਲ ਨਤੀਜਾ ਹਰ ਰੋਜ਼ ਕੋਵਿਡ ਪਾਜ਼ੇਟਿਵ ਹੁੰਦਾ ਸੀ।