ਧੋਨੀ ਦੀ ਜਰਸੀ ਨੰਬਰ-7 ਨੂੰ ਵੀ ਰਿਟਾਇਰ ਕਰਨ ਦੀ ਉੱਠੀ ਮੰਗ
Monday, Aug 17, 2020 - 01:35 AM (IST)
ਨਵੀਂ ਦਿੱਲੀ- ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ ਦੇ ਆਜ਼ਾਦੀ ਦਿਹਾੜੇ ਦੇ ਦਿਨ ਸੰਨਿਆਸ ਲੈਣ ਤੋਂ ਬਾਅਦ ਹੁਣ ਦਿਨੇਸ਼ ਕਾਰਤਿਕ ਤੇ ਮੁਹੰਮਦ ਕੈਫ ਸਮੇਤ ਕ੍ਰਿਕਟਰਾਂ ਤੇ ਕਈ ਪ੍ਰਸ਼ੰਸਕਾਂ ਨੇ ਧੋਨੀ ਦੀ ਨੰਬਰ-7 ਜਰਸੀ ਨੂੰ ਵੀ ਰਿਟਾਇਰ ਕਰਨ ਦੀ ਮੰਗ ਕੀਤੀ ਹੈ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਕਾਰਤਿਕ ਨੇ 16 ਅਗਸਤ ਨੂੰ ਧੋਨੀ ਦੇ ਨਾਲ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਉਮੀਦ ਹੈ ਬੀ. ਸੀ. ਸੀ. ਆਈ. ਸਫੇਦ ਬਾਲ ਕ੍ਰਿਕਟ 'ਚ ਜਰਸੀ ਨੰਬਰ-7 ਨੂੰ ਰਿਟਾਇਰ ਕਰੇਗੀ। ਤੁਹਾਨੂੰ ਦੂਜੀ ਪਾਰੀ ਦੇ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਨੂੰ ਕਈ ਹੈਰਾਨ ਕਰਨ ਵਾਲੇ ਮੌਕੇ ਦੇਵੋਗੇ।
ਇਸ ਤੋਂ ਇਲਾਵਾ ਭਾਰਤ ਦੇ ਬਿਹਤਰੀਨ ਫੀਲਡਰਾਂ 'ਚੋਂ ਇਕ ਰਹੇ ਮੁਹੰਮਦ ਕੈਫ ਨੇ ਟਵਿੱਟਰ 'ਤੇ ਲਿਖਿਆ- ਭਾਰਤੀ ਟੀਮ ਦੀ ਜਰਸੀ ਨੰਬਰ-7 'ਚ ਧੋਨੀ ਦੇ ਬਾਅਦ ਕਿਸੇ ਹੋਰ ਨੂੰ ਦੇਖਣ ਦੀ ਸੋਚ ਵੀ ਨਹੀਂ ਸਕਦੇ ਹਾਂ। ਯਾਦਗਾਰ ਪਲਾਂ ਨੂੰ ਦੇਣ ਦੇ ਲਈ ਧੋਨੀ ਦਾ ਧੰਨਵਾਦ। ਯੂ. ਏ. ਈ. 'ਚ ਮਿਲਦੇ ਹਾਂ। ਜ਼ਿਕਰਯੋਗ ਹੈ ਕਿ ਕ੍ਰਿਕਟ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਦੇ 2013 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਅਲਵਿਦਾ ਕਹਿਣ ਤੋਂ ਬਾਅਦ ਉਸ ਨੇ ਪ੍ਰਸ਼ੰਸਕਾਂ ਨੇ ਜਰਸੀ ਨੰਬਰ-10 ਨੂੰ ਰਿਟਾਇਰ ਕਰਨ ਦੀ ਮੰਗ ਕੀਤੀ ਸੀ। ਫਿਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਚਿਨ ਨੂੰ ਸਨਮਾਨ ਦੇਣ ਦੇ ਤੌਰ 'ਤੇ ਉਸਦੀ ਜਰਸੀ ਨੰਬਰ-10 ਨੂੰ ਰਿਟਾਇਰ ਕੀਤਾ ਸੀ।