39 ਸਾਲ ਦਾ ਹੋਇਆ ਧੋਨੀ ਪਰ ਸੰਨਿਆਸ ’ਤੇ ਅਜੇ ਕੋਈ ਫੈਸਲਾ ਨਹੀਂ
Tuesday, Jul 07, 2020 - 08:00 PM (IST)
![39 ਸਾਲ ਦਾ ਹੋਇਆ ਧੋਨੀ ਪਰ ਸੰਨਿਆਸ ’ਤੇ ਅਜੇ ਕੋਈ ਫੈਸਲਾ ਨਹੀਂ](https://static.jagbani.com/multimedia/2020_7image_20_27_139899904jde.jpg)
ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਵਾਲੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਮੰਗਲਵਾਰ ਨੂੰ 39 ਸਾਲ ਦਾ ਹੋ ਗਿਆ ਪਰ ਉਸ ਨੇ ਆਪਣੇ ਸੰਨਿਆਸ ਨੂੰ ਲੈ ਕੇ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਹੈ। ਧੋਨੀ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਭਾਰਤ ਦੀ ਸੈਮੀਫਆਈਨਲ ਵਿਚ ਨਿਊਜ਼ੀਲੈਂਡ ਹੱਥੋਂ ਸਨਸਨੀਖੇਜ਼ ਹਾਰ ਤੋਂ ਬਾਅਦ ਤੋਂ ਕ੍ਰਿਕਟ ਮੈਦਾਨ ’ਚੋਂ ਬਾਹਰ ਹੈ। ਉਸ ਦੇ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ .ਐੱਲ. ਦੇ 13ਵੇਂ ਸੈਸ਼ਨ ਨਾਲ ਮੈਦਾਨ ਵਿਚ ਪਰਤਣ ਦੀ ਉਮੀਦ ਸੀ ਪਰ ਕੋਰੋਨਾ ਦੇ ਕਾਰਣ ਆਈ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਮਾਹੀ ਦੇ ਨਾਂ ਨਾਲ ਮਸ਼ਹੂਰ ਧੋਨੀ ਨੇ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਦੇ ਨਾਲ ਆਈ. ਪੀ. ਐੱਲ. ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਪਰ ਪਹਿਲੇ ਲਾਕਡਾਊਨ ਦੇ ਕਾਰਣ ਚੇਨਈ ਨੇ ਆਪਣਾ ਟ੍ਰੇਨਿੰਗ ਕੈਂਪ ਬੰਦ ਕੀਤਾ ਤੇ ਮਾਹੀ ਆਪਣੇ ਘਰੇਲੂ ਸ਼ਹਿਰ ਰਾਂਚੀ ਪਰਤ ਗਿਆ । ਆਈ. ਪੀ. ਐੱਲ. ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੇ ਕਾਰਣ ਧੋਨੀ ਦੇ ਸੰਨਿਆਸ ਨੂੰ ਲੈ ਕੇ ਲਗਾਤਾਰ ਅਟਕਲਾਂ ਲੱਗ ਰਹੀਆਂ ਹਨ ਪਰ ਧੋਨੀ ਨੇ ਇਸ ਮਾਮਲੇ ਵਿਚ ਚੁੱਪ ਧਾਰ ਰੱਖੀ ਹੈ। ਧੋਨੀ ਨੇੜਲੇ ਭਵਿੱਖ ਵਿਚ ਕਦੇ ਵੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਸਕਦਾ ਹੈ ਪਰ ਉਹ ਅਜੇ 2-3 ਸਾਲ ਤਕ ਆਈ. ਪੀ. ਐੱਲ. ਖੇਡਣਾ ਜਾਰੀ ਰੱਖ ਸਕਦਾ ਹੈ। ਭਾਰਤ ਤੇ ਦੁਨੀਅਾ ਦੇ ਕਈ ਧਾਕੜ ਖਿਡਾਰੀਆਂ ਨੇ ਧੋਨੀ ਦੇ ਸੰਨਿਆਸ ’ਤੇ ਕਿਹਾ ਕਿ ਇਸਦਾ ਫੈਸਲਾ ਧੋਨੀ ’ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਦਸਤਾਨੇ ਤੇ ਬੱਲਾ ਕਦੋਂ ਟੰਗਣਾ ਚਾਹੁੰਦਾ ਹੈ।