DC v RCB : ਰੋਮਾਂਚਕ ਮੁਕਾਬਲੇ 'ਚ ਬੈਂਗਲੁਰੂ ਨੇ ਦਿੱਲੀ ਨੂੰ 1 ਦੌੜ ਨਾਲ ਹਰਾਇਆ
Tuesday, Apr 27, 2021 - 11:25 PM (IST)
ਅਹਿਮਦਾਬਾਦ– ਖਤਰਨਾਕ ਬੱਲੇਬਾਜ਼ ਏ. ਬੀ. ਡਿਵਿਲੀਅਰਸ ਦੇ ਆਖਰੀ ਓਵਰ 'ਚ ਤਿੰਨ ਛੱਕਿਆਂ ਸਮੇਤ 23 ਦੌੜਾਂ ਦੇ ਨਾਲ ਬਣਾਈਆਂ ਗਈਆਂ 75 ਦੌੜਾਂ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਜ਼ਬਰਦਸਤ ਆਖਰੀ ਓਵਰ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਨੂੰ ਮੰਗਲਵਾਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ 'ਚ ਸਿਰਫ 1 ਦੌੜ ਨਾਲ ਹਰਾ ਕੇ ਅੰਕ ਸੂਚੀ 'ਚ ਫਿਰ ਤੋਂ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਵਿਰੁੱਧ 5 ਵਿਕਟਾਂ ’ਤੇ 171 ਦੌੜਾਂ ਬਣਾਈਆਂ। ਦਿੱਲੀ ਨੂੰ 20 ਓਵਰ 'ਚ ਚਾਰ ਵਿਕਟ 'ਤੇ 170 ਦੌੜਾਂ 'ਤੇ ਰੋਕ ਕੇ 6 ਮੈਚਾਂ 'ਚ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਜਦਕਿ ਦਿੱਲੀ ਨੂੰ 6 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਖਿਸਕ ਗਈ ਹੈ।
ਇਹ ਵੀ ਪੜ੍ਹੋ : ਸੁਨੀਲ ਨਰਾਇਣ ਜ਼ੀਰੋ 'ਤੇ ਹੋਏ ਆਊਟ, ਆਪਣੇ ਨਾਂ ਕੀਤਾ ਇਹ ਅਜੀਬ ਰਿਕਾਰਡ
ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਦੇਵਦੱਤ ਪੱਡੀਕਲ ਦੀ ਜੋੜੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੌਕਸੀ ਭਰੀ ਸ਼ੁਰੂਆਤ ਦਿਵਾਈ। ਪੱਡੀਕਲ ਨੇ ਇਸ਼ਾਂਤ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ ਜਦਕਿ ਕੈਗਿਸੋ ਰਬਾਡਾ ’ਤੇ ਵੀ ਚੌਕਾ ਲਾਇਆ। ਪੱਡੀਕਲ ਇਸ਼ਾਂਤ ਦੇ ਅਗਲੇ ਓਵਰ ਵਿਚ ਲੱਕੀ ਰਿਹਾ ਜਦੋਂ ਅਕਸ਼ਰ ਪਟੇਲ ਨੇ ਮਿਡ ਆਨ ’ਤੇ ਉਸਦਾ ਕੈਚ ਛੱਡ ਦਿੱਤਾ। ਕੋਹਲੀ ਨੇ ਇਸ ਵਿਚਾਲੇ ਰਬਾਡਾ ਤੇ ਅਵੇਸ਼ ਖਾਨ ’ਤੇ ਚੌਕੇ ਮਾਰੇ। ਕੋਹਲੀ ਹਾਲਾਂਕਿ 11 ਗੇਂਦਾਂ ਵਿਚ 12 ਦੌੜਾਂ ਬਣਾਉਣ ਤੋਂ ਬਾਅਦ ਅਵੇਸ਼ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ ਜਦਕਿ ਅਗਲੀ ਗੇਂਦ ’ਤੇ ਇਸ਼ਾਂਤ ਨੇ ਪੱਡੀਕਲ ਨੂੰ ਬੋਲਡ ਕਰ ਦਿੱਤਾ, ਜਿਸ ਨੇ 17 ਦੌੜਾਂ ਬਣਾਈਆਂ।
ਦੋ ਗੇਂਦਾਂ ਵਿਚ ਦੋ ਵਿਕਟਾਂ ਗਵਾਉਣ ਤੋਂ ਬਾਅਦ ਬੈਂਗਲੁਰੂ ਦੀ ਟੀਮ ਪਾਵਰ ਪਲੇਅ ਵਿਚ ਦੋ ਵਿਕਟਾਂ ’ਤੇ 36 ਦੌੜਾਂ ਹੀ ਬਣਾ ਸਕੀ। ਗਲੇਨ ਮੈਕਸਵੈੱਲ ਨੇ ਸਪਿਨਰਾਂ ਅਮਿਤ ਮਿਸ਼ਰਾ ਤੇ ਅਕਸ਼ਰ ਪਟੇਲ ’ਤੇ ਛੱਕੇ ਲਾ ਕੇ ਅੱਠਵੇਂ ਓਵਰ ਵਿਚ ਟੀਮ ਦਾ ਸਕੋਰ 50 ਦੌੜਾਂ ਦੇ ਪਾਰ ਪਹੁੰਚਾਇਆ। ਮੈਕਸਵੈੱਲ ਮਿਸ਼ਰਾ ’ਤੇ ਇਕ ਹੋਰ ਛੱਕਾ ਲਾਉਣ ਦੀ ਕੋਸ਼ਿਸ਼ ਵਿਚ ਲਾਂਗ ਆਨ ’ਤੇ ਸਟੀਵ ਸਮਿਥ ਨੂੰ ਕੈਚ ਦੇ ਬੈਠਾ।
ਰਜਤ ਪਾਟੀਦਾਰ ਤੇ ਏ. ਬੀ. ਡਿਵਿਲੀਅਰਸ ਨੇ ਇਸ ਤੋਂ ਬਾਅਦ ਪਾਰੀ ਨੂੰ ਅੱਗੇ ਵਧਾਇਆ। ਪਾਟੀਦਾਰ ਨੇ ਮਿਸ਼ਰਾ ਤੇ ਇਸ਼ਾਂਤ ’ਤੇ ਛੱਕੇ ਲਾ ਕੇ ਤੇਵਰ ਦਿਖਾਏ ਤੇ 14ਵੇਂ ਓਵਰ ਵਿਚ ਟੀਮ ਦੀਆਂ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਡਿਵਿਲੀਅਰਸ ਨੇ ਵੀ ਅਕਸ਼ਰ ’ਤੇ ਛੱਕਾ ਲਾਇਆ ਪਰ ਪਾਟੀਦਾਰ ਖੱਬੇ ਹੱਥ ਦੇ ਇਸ ਸਪਿਨਰ ’ਤੇ ਛੱਕਾ ਲਾਉਣ ਦੀ ਕੋਸ਼ਿਸ਼ ਵਿਚ ਸਮਿਥ ਹੱਥੋਂ ਕੈਚ ਆਊਟ ਹੋ ਗਿਆ।
ਡਿਵਿਲੀਅਰਸ ਨੇ ਰਬਾਡਾ ’ਤੇ ਚੌਕਾ ਤੇ ਛੱਕਾ ਲਾਇਆ ਪਰ ਇਸ ਤੇਜ਼ ਗੇਂਦਬਾਜ਼ ਨੇ ਵਾਸ਼ਿੰਗਟਨ ਸੁੰਦਰ (6) ਨੂੰ ਆਪਣੀ ਹੀ ਗੇਂਦ ’ਤੇ ਕੈਚ ਕਰਕੇ ਬੈਂਗਲੁਰੂ ਦੀ ਟੀਮ ਨੂੰ ਪੰਜਵਾਂ ਝਟਕਾ ਦਿੱਤਾ। ਡਿਵਿਲੀਅਰਸ ਨੇ ਅਵੇਸ਼ ’ਤੇ ਚੌਕੇ ਦੇ ਨਾਲ 35 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ ਤੇ ਫਿਰ ਆਖਰੀ ਓਵਰ ਵਿਚ ਮਾਰਕਸ ਸਟੋਇੰਸ ਦੀ ਦੂਜੀ ਗੇਂਦ ’ਤੇ ਛੱਕੇ ਦੇ ਨਾਲ ਟੀਮ ਦਾ ਸਕੋਰ 150 ਦੌੜਾਂ ਦੇ ਪਾਰ ਪਹੁੰਚਾਇਆ। ਡਿਵਿਲੀਅਰਸ ਨੇ ਚੌਥੀ ਤੇ ਪੰਜਵੀਂ ਗੇਂਦ ’ਤੇ ਛੱਕੇ ਲਾ ਕੇ ਓਵਰ ਵਿਚ 23 ਦੌੜਾਂ ਜੋੜੀਆਂ।
ਟੀਮਾਂ :-
ਰਾਇਲ ਚੈਲੇਂਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਰਜਤ ਪਾਟੀਦਾਰ, ਗਲੇਨ ਮੈਕਸਵੈਲ, ਏਬੀ ਡੀਵਿਲੀਅਰਸ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਡੈਨੀਅਲ ਸੈਮਸ, ਕੈਲ ਜੈਮੀਸਨ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ
ਦਿ੍ੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਰਿਸ਼ਭ ਪੰਤ (ਵਿਕਟਕੀਪਰ, ਕਪਤਾਨ), ਸਟੀਵਨ ਸਮਿਥ, ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਨੀਸ, ਐਕਸਰ ਪਟੇਲ, ਅਮਿਤ ਮਿਸ਼ਰਾ, ਕਾਗੀਸੋ ਰਬਾਡਾ, ਇਸ਼ਾਂਤ ਸ਼ਰਮਾ, ਅਵੇਸ਼ ਖਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।