IPL 'ਤੇ ਮੰਡਰਾਏ ਕੋਰੋਨਾ ਦੇ ਬੱਦਲ, ਦਿੱਲੀ ਕੈਪੀਟਲਜ਼ ਨੂੰ ਮੁਲਤਵੀ ਕਰਨਾ ਪਿਆ ਪੁਣੇ ਦਾ ਦੌਰਾ
Monday, Apr 18, 2022 - 02:26 PM (IST)
ਮੁੰਬਈ (ਏਜੰਸੀ)- ਦਿੱਲੀ ਕੈਪੀਟਲਜ਼ ਟੀਮ ਦੇ ਇੱਕ ਵਿਦੇਸ਼ੀ ਖਿਡਾਰੀ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਫਰੈਂਚਾਈਜ਼ੀ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਅਗਲੇ ਮੈਚ ਲਈ ਪੁਣੇ ਦਾ ਦੌਰਾ ਮੁਲਤਵੀ ਕਰਨਾ ਪਿਆ। ਟੀਮ ਨੇ ਬੁੱਧਵਾਰ ਨੂੰ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਮੈਚ ਲਈ ਪੁਣੇ ਰਵਾਨਾ ਹੋਣਾ ਸੀ। ਸਮਝਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਇਕ ਆਲਰਾਊਂਡਰ ਖਿਡਾਰੀ ਵਿਚ ਬੀਮਾਰੀ ਦੇ ਕੁਝ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਰੈਪਿਡ ਐਂਟੀਜੇਨ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ।
ਇਹ ਵੀ ਪੜ੍ਹੋ: 18 ਸਾਲਾ ਭਾਰਤੀ ਟੇਬਲ ਟੈਨਿਸ ਖਿਡਾਰੀ ਦੀ ਸੜਕ ਹਾਦਸੇ 'ਚ ਮੌਤ
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇੱਕ ਸੂਤਰ ਨੇ ਸੋਮਵਾਰ ਦੱਸਿਆ, 'ਦਿੱਲੀ ਕੈਪੀਟਲਜ਼ ਨੇ ਪੁਣੇ ਜਾਣਾ ਸੀ, ਪਰ ਟੀਮ ਦੇ ਇਕ ਵਿਦੇਸ਼ੀ ਖਿਡਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ, ਟੀਮ ਦੇ ਸਾਰੇ ਮੈਂਬਰਾਂ ਨੂੰ ਆਪਣੇ-ਆਪਣੇ ਕਮਰਿਆਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਹ ਪਤਾ ਲਗਾਉਣ ਲਈ ਆਰ.ਟੀ.-ਪੀ.ਸੀ.ਆਰ. ਕੀਤਾ ਜਾ ਰਿਹਾ ਹੈ ਕਿ ਕੀ ਟੀਮ ਵਿੱਚ ਕੋਵਿਡ-19 ਦਾ ਕੋਈ ਪ੍ਰਕੋਪ ਤਾਂ ਨਹੀਂ ਹੈ ਜਾਂ ਇਹ ਪੈਟਰਿਕ ਫਰਹਾਰਟ ਵਰਗਾ ਇੱਕਮਾਤਰ ਮਾਮਲਾ ਹੈ।' ਸਮਝਿਆ ਜਾਂਦਾ ਹੈ ਕਿ ਸਪੋਰਟ ਸਟਾਫ ਦੇ ਇੱਕ ਹੋਰ ਮੈਂਬਰ ਵਿੱਚ ਵੀ ਲੱਛਣ ਪਾਏ ਗਏ ਹਨ ਪਰ ਉਸ ਦੇ ਆਰ.ਟੀ.- ਪੀ.ਸੀ.ਆਰ. ਟੈਸਟ ਦੀ ਉਡੀਕ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੁਨੀਆ ਨੂੰ 'ਰੂਸੀ ਤਸੀਹਿਆਂ' ਦਾ ਜਵਾਬ ਦੇਣ ਦੀ ਕੀਤੀ ਅਪੀਲ
ਸੂਤਰ ਨੇ ਕਿਹਾ, 'ਸਾਰੀਆਂ ਟੀਮਾਂ ਪੁਣੇ ਦੇ ਕੋਨਰਾਡ ਹੋਟਲ ਵਿੱਚ ਰੁਕੀਆਂ ਹਨ, ਜਿੱਥੇ ਬੀ.ਸੀ.ਸੀ.ਆਈ. ਨੇ ਇੱਕ ਬਾਇਓ-ਬਬਲ ਬਣਾਇਆ ਹੈ। ਦਿੱਲੀ ਕੈਪੀਟਲਜ਼ ਨੇ ਯਾਤਰਾ ਕਰਨੀ ਸੀ, ਪਰ ਹੁਣ ਇਸ 'ਚ ਦੇਰੀ ਹੋ ਗਈ ਹੈ। ਜ਼ਾਹਰ ਹੈ ਕਿ ਜਾਂਚ ਵਿਚ ਜਿਨ੍ਹਾਂ ਦੇ ਨਤੀਜੇ ਨੈਗੇਟਿਵ ਹੋਣਗੇ, ਉਹ ਕੱਲ੍ਹ ਅੱਗੇ ਦੀ ਯਾਤਰਾ ਕਰਨਗੇ।' ਟੀਮ ਫਿਜ਼ੀਓ ਫਰਹਾਰਟ ਨੇ ਪਿਛਲੇ ਹਫ਼ਤੇ ਸਕਾਰਾਤਮਕ ਟੈਸਟ ਕੀਤਾ ਸੀ। ਟੀਮ ਦੇ ਇੱਕ ਸੂਤਰ ਨੇ ਕਿਹਾ, 'ਅਸੀਂ ਅੱਜ ਜਾਣਾ ਸੀ, ਪਰ ਅਗਲੇ ਨੋਟਿਸ ਤੱਕ ਕਮਰੇ ਵਿੱਚ ਰਹਿਣ ਲਈ ਕਿਹਾ ਗਿਆ ਹੈ।' ਆਈ.ਪੀ.ਐੱਲ. ਬਾਇਓ-ਬਬਲ ਦੇ ਬਾਹਰ ਕੋਵਿਡ-19 ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਬਾਇਓ-ਬਬਲ ਦੇ ਅੰਦਰ ਵੀ ਵਾਇਰਸ ਦਾ ਖ਼ਤਰਾ ਵਧ ਗਿਆ ਹੈ। ਪਿਛਲੇ ਸੀਜ਼ਨ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਟੂਰਨਾਮੈਂਟ ਨੂੰ ਮੁਲਤਵੀ ਕਰਨਾ ਪਿਆ ਸੀ। ਇਹ ਯੂ.ਏ.ਈ. ਵਿੱਚ ਸਤੰਬਰ-ਅਕਤੂਬਰ ਵਿੱਚ ਪੂਰਾ ਹੋਇਆ ਸੀ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ ਨੇ ਮੋਦੀ ਨੂੰ ਲਿਖੀ ਚਿੱਠੀ, ਭਾਰਤ-ਪਾਕਿਸਤਾਨ ਵਿਚਾਲੇ ਸਾਰਥਿਕ ਸਬੰਧਾਂ ਦੀ ਕੀਤੀ ਵਕਾਲਤ