ਦਿੱਲੀ ਕੈਪੀਟਲਸ ਗਲਤੀਆਂ ਅਤੇ ਕਮਜ਼ੋਰੀਆਂ ''ਤੇ ਧਿਆਨ ਨਹੀਂ ਦੇ ਰਹੀ : ਰਬਾਡਾ
Wednesday, Apr 24, 2019 - 11:00 PM (IST)

ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਲੱਗਦਾ ਹੈ ਕਿ ਗਲਤੀਆਂ ਅਤੇ ਕਮਜ਼ੋਰੀਆਂ 'ਤੇ ਧਿਆਨ ਨਾ ਦੇਣ ਕਾਰਨ ਦਿੱਲੀ ਕੈਪੀਟਲਸ ਨੂੰ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ 'ਚ ਹਾਂ-ਪੱਖੀ ਰਹਿਣ ਵਿਚ ਮਦਦ ਮਿਲੀ। ਜਦੋਂ ਪੁੱਛਿਆ ਗਿਆ ਕਿ ਅਗਲੇ ਮੈਚ ਤੋਂ ਪਹਿਲਾਂ 5 ਦਿਨ ਦੀ ਬ੍ਰੇਕ ਨਾਲ ਟੀਮ ਦੀ ਲੈਅ ਪ੍ਰਭਾਵਿਤ ਹੋਵੇਗੀ ਤਾਂ ਰਬਾਡਾ ਨੇ ਕਿਹਾ ਕਿ ਇਸ ਸਮੇਂ ਟੀਮ ਵਿਚ ਸਾਰੀਆਂ ਚੀਜ਼ਾਂ ਸਾਕਾਰਾਤਮਕ ਹਨ। ਅਸੀਂ ਆਪਣੀਆਂ ਗਲਤੀਆਂ ਅਤੇ ਕਮਜ਼ੋਰੀਆਂ 'ਤੇ ਧਿਆਨ ਦੇਣ ਦੀ ਬਜਾਏ ਹਾਂ-ਪੱਖੀ ਚੀਜ਼ਾਂ 'ਤੇ ਨਜ਼ਰਾਂ ਲਾਈਆਂ ਹਨ। ਇਸ ਲਈ ਅਸੀਂ ਇਸ ਬ੍ਰੇਕ ਦਾ ਇਸਤੇਮਾਲ ਰਿਲੈਕਸ ਹੋਣ ਅਤੇ ਆਪਣੀ ਮਜ਼ਬੂਤੀ 'ਤੇ ਧਿਆਨ ਲਾਉਣ ਲਈ ਕਰ ਰਹੇ ਹਾਂ, ਇਸ ਲਈ ਇਹ ਬ੍ਰੇਕ ਚੰਗੀ ਹੈ।
ਟੀਮ ਵਰਕ ਨਾਲ ਪਲੇਅ ਆਫ 'ਚ ਪਹੁੰਚਣ ਦੇ ਨੇੜੇ
ਲੈੱਗ ਸਪਿਨਰ ਅਮਿਤ ਮਿਸ਼ਰਾ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਦਿੱਲੀ ਕੈਪੀਟਲਸ ਦੇ ਆਈ. ਪੀ. ਐੱਲ.-12 ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਟੀਮ ਵਰਕ ਨੂੰ ਦਿੱਤਾ ਹੈ। ਆਈ. ਪੀ. ਐੱਲ. ਵਿਚ 150 ਵਿਕਟਾਂ ਪੂਰੀਆਂ ਕਰ ਚੁੱਕੇ ਲੈੱਗ ਸਪਿਨਰ ਮਿਸ਼ਰਾ ਨੇ ਪ੍ਰਿਥਵੀ ਦੇ ਨਾਲ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਟੀਮ ਦਾ ਤਾਲਮੇਲ ਬਹੁਤ ਵਧੀਆ ਚੱਲ ਰਿਹਾ ਹੈ। ਟੀਮ ਦਾ ਆਤਮ-ਵਿਸ਼ਵਾਸ ਬਣਿਆ ਹੋਇਆ ਹੈ। ਟੀਮ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ। ਹਰ ਮੈਚ ਵਿਚ ਕੋਈ ਨਾ ਕੋਈ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਹ ਟੀਮ ਵਰਕ ਹੀ ਹੈ, ਜਿਸ ਨਾਲ ਅਸੀਂ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੇ ਨੇੜੇ ਪਹੁੰਚ ਗਏ ਹਾਂ।