ਦਿੱਲੀ ਦਾ ਆਰਾਧਿਆ ਵਿਸ਼ਵ ਜੂਨੀਅਰ ਸ਼ਤਰੰਜ ''ਚ ਕਰੇਗਾ ਭਾਰਤ ਦੀ ਪ੍ਰਤੀਨਿਧਤਾ
Sunday, Nov 10, 2019 - 12:18 PM (IST)

ਨਵੀਂ ਦਿੱਲੀ- ਦਿੱਲੀ ਦੇ ਆਰਾਧਿਆ ਗਰਗ ਤੇ ਮਹਾਰਾਸ਼ਟਰ ਦੀ ਸ੍ਰਿਸ਼ਟੀ ਪਾਂਡੇ ਨੂੰ ਭਾਰਤ ਵਿਚ ਹੋਣ ਵਾਲੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ-2020 ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ। ਗੁਰੂਗ੍ਰਾਮ ਦੇ ਸਨਸਿਟੀ ਸਕੂਲ ਵਿਚ ਰਾਸ਼ਟਰੀ ਜੂਨੀਅਰ ਸ਼ਤਰੰਜ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ 300 ਪ੍ਰਤਿਭਾਸ਼ਾਲੀ ਸ਼ਤਰੰਜ ਖਿਡਾਰੀਆਂ 'ਚੋਂ ਮਹਾਰਾਸ਼ਟਰ ਦੀ ਸ੍ਰਿਸ਼ਟੀ ਪਾਂਡੇ ਤੇ ਦਿੱਲੀ ਦੇ ਆਰਾਧਿਆ ਗਰਗ ਨੂੰ ਭਾਰਤ ਵਿਚ ਹੋਣ ਵਾਲੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 2020 ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ। ਦਿ ਹਰਿਆਣਾ ਚੈੱਸ ਐਸੋਸੀਏਸ਼ਨ ਤੇ ਆਲ ਇੰਡੀਆ ਸ਼ਤਰੰਜ ਫੈੱਡਰੇਸ਼ਨ ਦੀ ਦੇਖ-ਰੇਖ ਵਿਚ ਜ਼ਿਲਾ ਸ਼ਤਰੰਜ ਸੰਘ ਵਲੋਂ ਆਯੋਜਿਤ ਸਨਸਿਟੀ ਸਕੂਲ ਗੁਰੂਗ੍ਰਾਮ ਵਿਚ 9 ਦਿਨਾ ਰਾਸ਼ਟਰੀ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਅੱਜ ਖਤਮ ਹੋਈ। ਇਸ ਮੌਕੇ ਮੁੱਖ ਮਹਿਮਾਨ ਗੁੜਗਾਓਂ ਦੇ ਐੱਮ. ਐੱਲ. ਏ. ਸੁਧੀਰ ਸਿੰਗਲਾ ਸੀ। ਭਰਤ ਸਿੰਘ ਚੌਹਾਨ (ਜਨਰਲ ਸਕੱਤਰ, ਅਖਿਲ ਭਾਰਤੀ ਸ਼ਤਰੰਜ ਸੰਘ), ਅਜੀਤ ਵਰਮਾ (ਸਕੱਤਰ, ਦਿੱਲੀ ਸ਼ਤਰੰਜ ਸੰਘ), ਸ਼੍ਰੀਮਤੀ ਰੂਪਾ ਚਕਰਵਰਤੀ (ਡਾਇਰੈਕਟਰ, ਸਨਸਿਟੀ ਸਕੂਲ) ਵੀ ਇਸ ਮੌਕੇ ਹਾਜ਼ਰ ਸਨ। ਸੁਧੀਰ ਸਿੰਗਲਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦੀ ਉਪਲੱਬਧੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।
49ਵੀਂ ਜੂਨੀਅਰ (ਅੰਡਰ-19) ਓਪਨ ਤੇ 34ਵੀਂ ਜੂਨੀਅਰ (ਅੰਡਰ-19) ਗਰਲਜ਼ ਚੈਂਪੀਅਨਸ਼ਿਪ ਵਿਚ ਸਖਤ ਪ੍ਰਤੀਯੋਗਿਤਾ ਦੇਖੀ ਗਈ ਤੇ ਸਾਰੇ ਖਿਡਾਰੀਆਂ ਨੇ ਇਕ-ਦੂਜੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ। ਮਹਾਰਾਸ਼ਟਰ ਦੀ ਸ੍ਰਿਸ਼ਟੀ ਨੇ ਅੰਡਰ-19 ਲੜਕੀਆਂ ਦੀ ਪ੍ਰਤੀਯੋਗਿਤਾ ਤੇ ਦਿੱਲੀ ਦੇ ਆਰਾਧਿਆ ਗਰਗ ਨੇ ਲੜਕਿਆਂ ਦੇ ਅੰਡਰ-19 ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਸ੍ਰਿਸ਼ਟੀ ਪਾਂਡੇ ਨੇ ਕਿਹਾ, ''ਇਹ ਮੇਰੇ ਲਈ ਸਰਵਸ੍ਰੇਸ਼ਠ ਟੂਰਨਾਮੈਂਟਾਂ 'ਚੋਂ ਇਕ ਰਿਹਾ ਹੈ ਤੇ ਇਹ ਸਿੱਖਣ ਦਾ ਇਕ ਸ਼ਾਨਦਾਰ ਤਜਰਬਾ ਸੀ। ਮੈਨੂੰ ਅਜੇ ਲੰਬਾ ਰਸਤਾ ਤੈਅ ਕਰਨਾ ਹੈ ਤੇ ਮੈਂ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ। ਮੈਂ ਹੋਰਨਾਂ ਖਿਡਾਰੀਆਂ ਨੂੰ ਧਿਆਨ ਨਾ ਭਟਕਾਉਣ ਦੇਣ ਦਾ ਤੇ ਨਾਲ ਹੀ ਸ਼ਤਰੰਜ ਵਿਚ ਦਿਲਚਸਪੀ ਨਾ ਗੁਆਉਣ ਦਾ ਸੁਝਾਅ ਦੇਣਾ ਚਾਹੁੰਦੀ ਹਾਂ।''