ਡਿਫੈਂਡਿੰਗ ਚੈਂਪੀਅਨ ਜੋਕੋਵਿਚ ਅਮਰੀਕੀ ਓਪਨ ਤੋਂ ਬਾਹਰ, ਕੋਕੋ ਅਗਲੇ ਦੌਰ ''ਚ

Saturday, Aug 31, 2024 - 12:28 PM (IST)

ਡਿਫੈਂਡਿੰਗ ਚੈਂਪੀਅਨ ਜੋਕੋਵਿਚ ਅਮਰੀਕੀ ਓਪਨ ਤੋਂ ਬਾਹਰ, ਕੋਕੋ ਅਗਲੇ ਦੌਰ ''ਚ

ਨਿਊਯਾਰਕ : ਕਾਰਲੋਸ ਅਲਕਾਰਜ਼ ਦੇ ਬਾਹਰ ਹੋਣ ਤੋਂ ਇਕ ਦਿਨ ਬਾਅਦ ਡਿਫੈਂਡਿੰਗ ਚੈਂਪੀਅਨ ਨੋਵਾਕ ਜੋਕੋਵਿਚ ਵੀ ਚਾਰ ਸੈੱਟਾਂ ਦੇ ਮੈਚ ਵਿਚ ਹਾਰ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਆਪਣਾ 25ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੇ ਜੋਕੋਵਿਚ ਨੂੰ ਆਸਟ੍ਰੇਲੀਆ ਦੇ 28ਵਾਂ ਦਰਜਾ ਪ੍ਰਾਪਤ ਅਲੈਕਸੀ ਪੋਪਿਰਿਨ ਨੇ 6-4, 6-4, 2-6, 6-4 ਨਾਲ ਹਰਾਇਆ। ਇਹ 2017 ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ ਸਾਲ ਵਿੱਚ ਇੱਕ ਵੀ ਗਰੈਂਡ ਸਲੈਮ ਟੂਰਨਾਮੈਂਟ ਨਹੀਂ ਜਿੱਤਿਆ ਹੈ। ਇਸ ਤੋਂ ਪਹਿਲਾਂ 2010 ਵਿੱਚ ਵੀ ਅਜਿਹਾ ਹੋਇਆ ਸੀ। ਇੰਨਾ ਹੀ ਨਹੀਂ ਇਹ 2002 ਤੋਂ ਬਾਅਦ  ਪਹਿਲੀ ਵਾਰ ਹੈ ਕਿ ਤਿੰਨ ਮਹਾਨ ਟੈਨਿਸ ਖਿਡਾਰੀਆਂ ਜੋਕੋਵਿਚ, ਰਾਫੇਲ ਨਡਾਲ ਅਤੇ ਰੋਜਰ ਫੈਡਰਰ 'ਚੋਂ ਕਿਸੇ ਨੇ ਵੀ ਇਕ ਸਾਲ 'ਚ ਗ੍ਰੈਂਡ ਸਲੈਮ ਟਰਾਫੀ ਨਹੀਂ ਜਿੱਤੀ ਹੈ। ਜੋਕੋਵਿਚ ਇਸ ਤੋਂ ਪਹਿਲਾਂ 2005 ਅਤੇ 2006 ਵਿੱਚ ਅਮਰੀਕੀ ਓਪਨ ਦੇ ਤੀਜੇ ਦੌਰ ਤੋਂ ਅੱਗੇ ਵਧਣ ਵਿੱਚ ਅਸਫਲ ਰਹੇ ਸਨ। ਇਹ 37 ਸਾਲਾ ਖਿਡਾਰੀ ਇੱਥੇ 2011, 2015, 2018 ਅਤੇ 2023 ਵਿੱਚ ਚੈਂਪੀਅਨ ਬਣੇ ਸਨ।
ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਜੋਕੋਵਿਚ ਨੇ 14 ਵਾਰ ਡਬਲ ਫਾਲਟ ਕੀਤਾ ਅਤੇ ਉਹ ਮੈਚ ਦੌਰਾਨ ਥੱਕੇ ਹੋਏ ਨਜ਼ਰ ਆ ਰਹੇ ਸਨ। ਆਸਟ੍ਰੇਲੀਆ ਦੇ 25 ਸਾਲਾ ਪੋਪਿਰਿਨ ਦੀ ਜੋਕੋਵਿਚ ਖਿਲਾਫ ਇਹ ਪਹਿਲੀ ਜਿੱਤ ਹੈ। ਹੁਣ ਉਨ੍ਹਾਂ ਦਾ ਸਾਹਮਣਾ 20ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਫ੍ਰਾਂਸਿਸ ਟਿਆਫੋ ਨਾਲ ਹੋਵੇਗਾ, ਜਿਨ੍ਹਾਂ ਨੇ ਹਮਵਤਨ ਬੇਨ ਸ਼ੇਂਟਨ ਨੂੰ 4-6, 7-5, 6-7 (5), 6-4, 6-3 ਨਾਲ ਹਰਾਇਆ। ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਕੋਕੋ ਗੌਫ ਪਹਿਲਾ ਸੈੱਟ ਗੁਆਉਣ ਦੇ ਬਾਵਜੂਦ ਅੱਗੇ ਵਧਣ ਵਿੱਚ ਕਾਮਯਾਬ ਰਹੀ। ਅਮਰੀਕੀ ਖਿਡਾਰਨ ਨੇ 27ਵਾਂ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੂੰ 3-6, 6-3, 6-3 ਨਾਲ ਹਰਾ ਕੇ ਆਪਣੇ ਖਿਤਾਬ ਦੇ ਬਚਾਅ ਵੱਲ ਮਜ਼ਬੂਤ ​​ਕਦਮ ਪੁੱਟਿਆ। ਐਮਾ ਨਵਾਰੋ ਵੀ ਅਗਲੇ ਦੌਰ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਇਸ 13ਵਾਂ ਦਰਜਾ ਪ੍ਰਾਪਤ ਖਿਡਾਰਨ ਨੇ 19ਵਾਂ ਦਰਜਾ ਪ੍ਰਾਪਤ ਮਾਰਟਾ ਕੋਸਤਯੁਕ 'ਤੇ 6-4, 4-6, 6-3 ਨਾਲ ਜਿੱਤ ਦਰਜ ਕੀਤੀ।


author

Aarti dhillon

Content Editor

Related News