ਫਿਰ ਤੋਂ ਮੈਦਾਨ 'ਚ ਚੌਕੇ-ਛੱਕੇ ਲਗਾਉਣ ਦਿਖਾਈ ਦੇਣਗੇ ਸ਼ਿਖਰ ਧਵਨ

Monday, Aug 26, 2024 - 04:22 PM (IST)

ਨਵੀਂ ਦਿੱਲੀ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੁਝ ਦਿਨ ਬਾਅਦ ਹੀ ਲੀਜੈਂਡਜ਼ ਲੀਗ ਕ੍ਰਿਕਟ (ਐੱਲਐੱਲਸੀ) ਵਿੱਚ ਸ਼ਾਮਲ ਹੋ ਗਏ ਹਨ। ਖੁਦ ਨੂੰ ਆਧੁਨਿਕ ਸਮੇਂ ਦੇ ਸਫੈਦ-ਬਾਲ ਦੇ ਮਹਾਨ ਖਿਡਾਰੀ ਦੇ ਰੂਪ 'ਚ ਸਥਾਪਿਤ ਕਰਨ ਵਾਲੇ ਧਵਨ ਆਪਣੀ ਧਮਾਕੇਦਾਰ ਬੱਲੇਬਾਜ਼ੀ ਅਤੇ ਜੀਵੰਤ ਵਿਅਕਤੀਤਵ ਦੇ ਲਈ ਜਾਣੇ ਜਾਂਦੇ ਹਨ। ਧਵਨ ਦਾ ਐੱਲਐੱਲਸੀ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੇ ਪਹਿਲਾਂ ਤੋਂ ਹੀ ਸ਼ਾਨਦਾਰ ਕਰੀਅਰ ਵਿੱਚ ਇੱਕ ਨਵਾਂ ਅਧਿਆਏ ਹੈ।
ਧਵਨ ਨੇ ਐੱਲਐੱਲਸੀ ਦੁਆਰਾ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਲੀਜੈਂਡਜ਼ ਲੀਗ ਕ੍ਰਿਕਟ ਵਿੱਚ ਸ਼ਾਮਲ ਹੋਣ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹੋਏ ਕਿਹਾ, 'ਲੀਜੈਂਡਜ਼ ਲੀਗ ਕ੍ਰਿਕਟ ਦੇ ਨਾਲ ਇਸ ਨਵੇਂ ਅਧਿਆਏ ਨੂੰ ਸ਼ੁਰੂ ਕਰਨਾ ਮੇਰੀ ਰਿਟਾਇਰਮੈਂਟ ਤੋਂ ਬਾਅਦ ਆਦਰਸ਼ ਤਰੱਕੀ ਵਾਂਗ ਲੱਗਦਾ ਹੈ। ਮੇਰਾ ਸਰੀਰ ਅਜੇ ਵੀ ਖੇਡ ਦੀਆਂ ਮੰਗਾਂ ਲਈ ਤਿਆਰ ਹੈ ਅਤੇ ਜਦੋਂ ਮੈਂ ਆਪਣੇ ਫੈਸਲੇ ਨਾਲ ਸਹਿਜ ਹਾਂ, ਕ੍ਰਿਕਟ ਮੇਰਾ ਅਨਿੱਖੜਵਾਂ ਅੰਗ ਹੈ, ਇਹ ਮੈਨੂੰ ਕਦੇ ਨਹੀਂ ਛੱਡੇਗਾ। ਮੈਂ ਆਪਣੇ ਕ੍ਰਿਕਟ ਦੋਸਤਾਂ ਨਾਲ ਮੁੜ ਜੁੜਨ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਾ ਜਾਰੀ ਰੱਖਣ ਦੇ ਲਈ ਉਤਸੁਕ ਹਾਂ ਕਿਉਂਕਿ ਅਸੀਂ ਇਕੱਠੇ ਮਿਲ ਕੇ ਨਵੀਆਂ ਯਾਦਾਂ ਬਣਾਉਂਦੇ ਹਾਂ।'
ਧਵਨ ਦੇ ਕਰੀਅਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਸ਼ਾਮਲ ਹਨ ਜਿਵੇਂ ਕਿ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਬਣਨਾ ਅਤੇ ਵਨਡੇ ਅੰਤਰਰਾਸ਼ਟਰੀ (ਓਡੀਆਈ) ਵਿੱਚ 44.1 ਦੀ ਸ਼ਾਨਦਾਰ ਔਸਤ, ਟੀ-20ਆਈ 'ਚ 27.92 ਦੀ ਔਸਤ ਅਤੇ 91.35 ਦੀ ਸਟ੍ਰਾਈਕ ਰੇਟ ਨਾਲ 6,793 ਤੋਂ ਵਧ ਦੌੜਾਂ ਬਣਾਉਣਾ। ਭਾਰਤੀ ਕ੍ਰਿਕਟ ਟੀਮ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਉਨ੍ਹਾਂ ਦੇ ਯੋਗਦਾਨ ਨੇ ਉਨ੍ਹਾਂ ਨੂੰ ਇੱਕ ਕ੍ਰਿਕਟ ਆਈਕਨ ਵਜੋਂ ਸਥਾਪਿਤ ਕੀਤਾ ਹੈ। ਇੱਕ ਦਹਾਕੇ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ 269 ਮੈਚ ਖੇਡੇ ਅਤੇ 40 ਦੀ ਔਸਤ ਨਾਲ 10,867 ਦੌੜਾਂ ਬਣਾਈਆਂ।

ਲੀਜੈਂਡਸ ਲੀਗ ਕ੍ਰਿਕਟ ਦੇ ਸਹਿ-ਸੰਸਥਾਪਕ ਰਮਨ ਰਹੇਜਾ ਨੇ ਲੀਗ 'ਚ ਧਵਨ ਦਾ ਸਵਾਗਤ ਕਰਦੇ ਹੋਏ, ਕਿਹਾ, 'ਸ਼ਿਖਰ ਧਵਨ ਦੇ ਸਾਡੇ ਨਾਲ ਜੁੜਣ ਨਾਲ ਅਸੀਂ ਖੁਸ਼ ਹਾਂ। ਉਨ੍ਹਾਂ ਦਾ ਅਨੁਭਵ ਅਤੇ ਹੁਨਰ ਬਿਨਾਂ ਸ਼ੱਕ ਮੁਕਾਬਲੇ ਨੂੰ ਵਧਾਏਗੀ ਅਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰੇਗੀ। ਅਸੀਂ ਉਨ੍ਹਾਂ ਨੂੰ ਕ੍ਰਿਕਟ ਦੇ ਹੋਰ ਦਿੱਗਜਾਂ ਦੇ ਨਾਲ ਐਕਸ਼ਨ ਵਿੱਚ ਦੇਖਣ ਦੀ ਉਮੀਦ ਕਰਦੇ ਹਾਂ। ਇਹ ਅਨੁਭਵੀ ਕ੍ਰਿਕਟਰਾਂ ਲਈ ਦੂਜੀ ਪਾਰੀ ਦੇ ਰੂਪ ਵਿੱਚ ਸਾਡੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰੇਗਾ। ਲੀਜੈਂਡਜ਼ ਲੀਗ ਕ੍ਰਿਕਟ ਦਾ ਅਗਲਾ ਸੀਜ਼ਨ ਸਤੰਬਰ 2024 ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਕਈ ਦਿੱਗਜ ਰੋਮਾਂਚਕ ਮੈਚਾਂ ਦੀ ਲੜੀ ਵਿੱਚ ਹਿੱਸਾ ਲੈਣਗੇ। ਧਵਨ ਦੀ ਭਾਗੀਦਾਰੀ ਨੂੰ ਬਹੁਤ ਧਿਆਨ ਖਿੱਚਣ ਦੀ ਉਮੀਦ ਹੈ ਕਿਉਂਕਿ ਪ੍ਰਸ਼ੰਸਕ ਮੈਦਾਨ 'ਤੇ ਉਨ੍ਹਾਂ ਦੇ ਹੁਨਰ ਨੂੰ ਦੁਬਾਰਾ ਦੇਖਣ ਲਈ ਉਤਸੁਕ ਹਨ।
 


Aarti dhillon

Content Editor

Related News