ਡੇਵਿਸ ਕੱਪ 2026 : ਦੱਖਣੀ ਕੋਰੀਆ ਤੋਂ 3-1 ਨਾਲ ਹਾਰ ਕੇ ਭਾਰਤੀ ਟੈਨਿਸ ਟੀਮ ਬਾਹਰ
Saturday, Sep 19, 2026 - 03:39 PM (IST)
ਸਿਓਲ (ਦੱਖਣੀ ਕੋਰੀਆ)- ਦੱਖਣੀ ਕੋਰੀਆ ਖ਼ਿਲਾਫ਼ ਦੂਜੇ ਦੌਰ ਦੇ ਕੁਆਲੀਫਾਇਰ ਮੁਕਾਬਲੇ ਵਿੱਚ 3-1 ਨਾਲ ਹਾਰਨ ਤੋਂ ਬਾਅਦ ਭਾਰਤੀ ਟੈਨਿਸ ਟੀਮ ਸ਼ਨੀਵਾਰ ਨੂੰ ਡੇਵਿਸ ਕੱਪ 2026 ਤੋਂ ਬਾਹਰ ਹੋ ਗਈ ਹੈ। ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਹੁਣ 2027 ਡੇਵਿਸ ਕੱਪ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਖੇਡੇਗੀ, ਜਦਕਿ ਦੱਖਣੀ ਕੋਰੀਆ ਨੇ 'ਫਾਈਨਲ 8' ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।
ਸ਼ੁੱਕਰਵਾਰ ਨੂੰ ਭਾਰਤ 2-0 ਨਾਲ ਪਿੱਛੇ ਚੱਲ ਰਿਹਾ ਸੀ, ਪਰ ਸ਼ਨੀਵਾਰ ਨੂੰ ਐਨ ਸ਼੍ਰੀਰਾਮ ਬਾਲਾਜੀ ਅਤੇ ਦਕਸ਼ਿਨੇਸ਼ਵਰ ਸੁਰੇਸ਼ ਨੇ ਡਬਲਜ਼ ਮੈਚ ਜਿੱਤ ਕੇ ਭਾਰਤ ਦੀਆਂ ਉਮੀਦਾਂ ਜਗਾਈਆਂ। ਉਨ੍ਹਾਂ ਨੇ ਦੱਖਣੀ ਕੋਰੀਆ ਦੇ ਨਾਮ ਜੀ-ਸੁੰਗ ਅਤੇ ਪਾਰਕ ਉਈ-ਸੁੰਗ ਨੂੰ 6-3, 3-6, 6-3 ਨਾਲ ਹਰਾਇਆ।
ਹਾਲਾਂਕਿ, ਭਾਰਤ ਦੀ ਵਾਪਸੀ ਦੀ ਇਹ ਉਮੀਦ ਜ਼ਿਆਦਾ ਦੇਰ ਨਹੀਂ ਟਿਕ ਸਕੀ। ਸਿੰਗਲਜ਼ ਮੈਚ ਵਿੱਚ ਦੱਖਣੀ ਕੋਰੀਆ ਦੇ ਕਵੋਨ ਸੂਨ-ਵੂ ਨੇ ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਨੂੰ ਸਿੱਧੇ ਸੈੱਟਾਂ ਵਿੱਚ 6-1, 6-2 ਨਾਲ ਆਸਾਨੀ ਨਾਲ ਹਰਾ ਕੇ ਆਪਣੀ ਟੀਮ ਨੂੰ 3-1 ਦੀ ਫੈਸਲਾਕੁੰਨ ਜਿੱਤ ਦਿਵਾ ਦਿੱਤੀ।
ਇਸ ਜਿੱਤ ਨਾਲ ਦੱਖਣੀ ਕੋਰੀਆਈ ਟੀਮ ਨੇ ਨਵੰਬਰ ਵਿੱਚ ਇਟਲੀ ਦੇ ਬੋਲੋਗਨਾ ਵਿੱਚ ਹੋਣ ਵਾਲੇ ਡੇਵਿਸ ਕੱਪ ਦੇ 'ਫਾਈਨਲ 8' ਲਈ ਕੁਆਲੀਫਾਈ ਕਰ ਲਿਆ ਹੈ।
