ਡੇਵਿਸ ਕੱਪ : ਨਾਗਲ ਤੇ ਸੁਰੇਸ਼ ਦੀ ਹਾਰ ਨਾਲ ਭਾਰਤ ਕੋਰੀਆ ਤੋਂ 0-2 ਨਾਲ ਪਿੱਛੇ

Saturday, Sep 19, 2026 - 10:42 AM (IST)

ਡੇਵਿਸ ਕੱਪ : ਨਾਗਲ ਤੇ ਸੁਰੇਸ਼ ਦੀ ਹਾਰ ਨਾਲ ਭਾਰਤ ਕੋਰੀਆ ਤੋਂ 0-2 ਨਾਲ ਪਿੱਛੇ

ਸਿਓਲ- ਭਾਰਤ ਦੀ ਡੇਵਿਸ ਕੱਪ ਦੇ ਆਖਰੀ-8 ’ਚ ਪਹੁੰਚਣ ਦੀਆਂ ਉਮੀਦਾਂ ਉਸ ਸਮੇਂ ਧੁੰਦਲੀਆਂ ਪੈ ਗਈਆਂ ਜਦੋਂ ਦੱਖਣੇਸ਼ਵਰ ਸੁਰੇਸ਼ ਤੇ ਸੁਮਿਤ ਨਾਗਲ ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਣ ’ਚ ਅਸਫਲ ਰਹੇ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇੱਥੇ ਆਪਣੇ ਸਿੰਗਲਜ਼ ਮੈਚ ਗੁਆਉਣੇ ਪਏ, ਜਿਸ ਨਾਲ ਭਾਰਤੀ ਟੀਮ ਪਹਿਲੇ ਦਿਨ ਤੋਂ ਬਾਅਦ ਦੱਖਣੀ ਕੋਰੀਆ ਤੋਂ 0-2 ਨਾਲ ਪਿੱਛੇ ਚੱਲ ਰਹੀ ਹੈ।

ਦੱਖਣੇਸ਼ਵਰ ਨੇ ਚੰਗੀ ਸ਼ੁਰੂਆਤ ਕੀਤੀ ਪਰ ਲੈਅ ਕਾਇਮ ਨਹੀਂ ਰੱਖ ਸਕਿਆ ਅਤੇ ਦੱਖਣੀ ਕੋਰੀਆ ਦੇ ਸੂਨ ਵੂ ਕਵੋਨ ਨੇ ਉਸ ਨੂੰ 3-6, 6-3, 6-4 ਨਾਲ ਹਰਾ ਦਿੱਤਾ। ਭਾਰਤ ਨੂੰ ਵਾਪਸੀ ਦਿਵਾਉਣ ਦੀ ਜ਼ਿੰਮੇਵਾਰੀ ਭਾਰਤ ਦੇ ਨੰਬਰ ਇਕ ਖਿਡਾਰੀ ਨਾਗਲ ’ਤੇ ਸੀ ਪਰ ਉਸ ਨੂੰ ਵੀ ਚੰਗੀ ਸ਼ੁਰੂਆਤ ਦੇ ਬਾਵਜੂਦ 3 ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੈਚ ’ਚ ਤਜਰਬੇਕਾਰ ਹਿਓਨ ਚੁੰਗ ਹੱਥੋਂ 6-2, 4-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਹੁਣ ਭਾਰਤ ਨੂੰ ਨਾਕਆਊਟ ਗੇੜ ’ਚ ਪਹੁੰਚਣ ਲਈ ਆਖਰੀ ਦਿਨ ਦੇ ਤਿੰਨੋਂ ਮੈਚ ਜਿੱਤਣੇ ਪੈਣਗੇ, ਜਿਹੜਾ ਭਾਰਤ ਦੇ ਇਤਿਹਾਸ ’ਚ ਸਿਰਫ ਦੋ ਵਾਰ ਹੋਇਆ ਹੈ (2010 ’ਚ ਘਰੇਲੂ ਮੈਦਾਨ ’ਤੇ ਬ੍ਰਾਜ਼ੀਲ ਵਿਰੁੱਧ ਤੇ 2018 ’ਚ ਚੀਨ ਵਿਰੁੱਧ ਉਸੇ ਦੀ ਧਰਤੀ ’ਤੇ)।


author

Tarsem Singh

Content Editor

Related News