ਡੇਵਿਡ ਵਾਰਨਰ ਦਾ ਵੱਡਾ ਬਿਆਨ, ਟੀਮ ਮੈਨੇਜਮੈਂਟ ਕਹੇਗੀ ਤਾਂ ਸੰਨਿਆਸ ਲੈ ਲਵਾਂਗਾ
Thursday, Dec 29, 2022 - 03:52 PM (IST)

ਸਪੋਰਟਸ ਡੈਸਕ— ਆਸਟ੍ਰੇਲੀਆ ਦੇ ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ 'ਚ ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ 'ਚ ਖੇਡਣ ਲਈ ਵਚਨਬੱਧ ਹੈ ਪਰ ਜੇਕਰ ਟੀਮ ਮੈਨੇਜਮੈਂਟ ਕਹਿੰਦੀ ਹੈ ਕਿ ਸੰਨਿਆਸ ਲੈਣ ਦਾ ਸਮਾਂ ਆ ਗਿਆ ਹੈ ਤਾਂ ਉਹ ਅਜਿਹਾ ਕਰੇਗਾ।
ਇਸ 36 ਸਾਲਾ ਬੱਲੇਬਾਜ਼ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ 'ਚ ਦੋਹਰਾ ਸੈਂਕੜਾ ਲਗਾ ਕੇ ਫਾਰਮ 'ਚ ਵਾਪਸੀ ਕੀਤੀ। ਇਹ ਉਸ ਦਾ 100ਵਾਂ ਟੈਸਟ ਮੈਚ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਦੱਖਣੀ ਅਫਰੀਕਾ ਖਿਲਾਫ ਮੈਲਬੌਰਨ 'ਚ ਖੇਡਿਆ ਜਾਣ ਵਾਲਾ ਦੂਜਾ ਟੈਸਟ ਮੈਚ ਬਾਕਸਿੰਗ ਡੇ 'ਤੇ ਉਸ ਦਾ ਆਖਰੀ ਟੈਸਟ ਹੋਵੇਗਾ, ਵਾਰਨਰ ਨੇ ਕਿਹਾ, 'ਮੈਂ ਅਗਲੇ ਸਾਲ ਵਿਸ਼ਵ ਕੱਪ ਖੇਡਣ ਲਈ ਵਚਨਬੱਧ ਹਾਂ।'
ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ, 'ਮੈਂ ਆਪਣੇ ਆਪ ਨੂੰ ਫਿੱਟ ਰੱਖਾਂਗਾ ਅਤੇ ਲਗਾਤਾਰ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਾਂਗਾ, ਪਰ ਜੇਕਰ ਉਹ (ਟੀਮ ਪ੍ਰਬੰਧਨ) ਮੇਰੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਸਮਾਂ (ਰਿਟਾਇਰ ਹੋਣ ਦਾ) ਹੈ, ਤਾਂ ਮੈਂ ਅਲਵਿਦਾ ਕਹਿਣ ਲਈ ਤਿਆਰ ਹਾਂ। '
ਵਾਰਨਰ ਮੰਗਲਵਾਰ ਨੂੰ ਆਪਣੇ 100ਵੇਂ ਟੈਸਟ ਮੈਚ 'ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਉਹ ਆਪਣੇ 100ਵੇਂ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਪੂਰਾ ਕਰਨ ਵਾਲੇ ਦੂਜੇ ਬੱਲੇਬਾਜ਼ ਹਨ। ਉਸ ਨੇ ਕਿਹਾ, 'ਮੈਨੂੰ ਇਹ ਪਾਰੀ ਖੇਡਣ ਦਾ ਭਰੋਸਾ ਸੀ। ਮੈਂ ਜਾਣਦਾ ਹਾਂ ਕਿ ਮੇਰੇ ਕੋਲ ਵੱਡੇ ਮੰਚ 'ਤੇ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।