ਰਾਜਸਥਾਨ ’ਤੇ ਜਿੱਤ ਦਰਜ ਕਰਕੇ ਪਲੇਅ ਆਫ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਉਤਰੇਗੀ ਚੇਨਈ

Saturday, May 11, 2024 - 07:20 PM (IST)

ਰਾਜਸਥਾਨ ’ਤੇ ਜਿੱਤ ਦਰਜ ਕਰਕੇ ਪਲੇਅ ਆਫ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਉਤਰੇਗੀ ਚੇਨਈ

ਚੇਨਈ, (ਭਾਸ਼ਾ)– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਲੇਅ ਆਫ ਲਈ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਰਾਜਸਥਾਨ ਰਾਇਲਜ਼ ਵਿਰੁੱਧ ਐਤਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਸੁਪਰ ਕਿੰਗਜ਼ ਦੀ ਟੀਮ ਅਜੇ 12 ਮੈਚਾਂ ਵਿਚੋਂ 12 ਅੰਕ ਲੈ ਕੇ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਹੈ ਪਰ ਗੁਜਰਾਤ ਟਾਈਟਨਸ ਵਿਰੁੱਧ ਸ਼ੁੱਕਰਵਾਰ ਨੂੰ ਹਾਰ ਕਾਰਨ ਉਸ ’ਤੇ ਦਬਾਅ ਵੱਧ ਗਿਆ ਹੈ ਤੇ ਉਸ ਨੂੰ ਹੁਣ ਬਾਕੀ ਬਚੇ ਦੋਵੇਂ ਮੈਚਾਂ ਵਿਚ ਜਿੱਤ ਦਰਜ ਕਰਨ ਦੀ ਲੋੜ ਹੈ।

ਦੂਜੇ ਪਾਸੇ ਰਾਜਸਥਾਨ ਦੇ 16 ਅੰਕ ਹਨ ਤੇ ਉਹ ਦੂਜੇ ਸਥਾਨ ’ਤੇ ਹੈ ਪਰ ਪਿਛਲੇ ਦੋ ਮੈਚਾਂ ਵਿਚ ਸਨਰਾਈਜ਼ਰਜ਼ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਵਿਰੁੱਧ ਹਾਰ ਕਾਰਨ ਉਸਦਾ ਮਨੋਬਲ ਡਿੱਗਿਆ ਹੈ। ਰਾਜਸਥਾਨ ਦੀ ਟੀਮ ’ਤੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋਣ ਦਾ ਖਤਰਾ ਨਹੀਂ ਹੈ ਪਰ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨਾਕਆਊਟ ਗੇੜ ਤੋਂ ਪਹਿਲਾਂ ਜਿੱਤ ਦੇ ਰਸਤੇ ’ਤੇ ਪਰਤਣ ਲਈ ਬੇਤਾਬ ਹੋਵੇਗੀ।

ਸੁਪਰ ਕਿੰਗਜ਼ ਨੂੰ ਗੁਜਰਾਤ ਟਾਈਟਨਸ ਵਿਰੁੱਧ ਸਭ ਤੋਂ ਵੱਡੀ ਨਿਰਾਸ਼ਾ ਚੋਟੀਕ੍ਰਮ ਦੇ ਬੱਲੇਬਾਜ਼ਾਂ ਅਜਿੰਕਯ ਰਹਾਨੇ, ਰਚਿਨ ਰਵਿੰਦਰ ਤੇ ਕਪਤਾਨ ਰਿਤੂਰਾਜ ਗਾਇਕਵਾੜ ਤੋਂ ਮਿਲੀ। ਇਹ ਤਿੰਨੇ ਬੱਲੇਬਾਜ਼ ਰਾਇਲਜ਼ ਵਿਰੁੱਧ ਉਸਦੀ ਭਰਪਾਈ ਕਰਨਾ ਚਾਹੁਣਗੇ। ਡੈਰਿਲ ਮਿਸ਼ੇਲ ਤੇ ਮੋਇਨ ਅਲੀ ਦਾ ਚੰਗਾ ਪ੍ਰਦਰਸ਼ਨ ਸੁਪਰ ਕਿੰਗਜ਼ ਲਈ ਇਸ ਮੈਚ ਵਿਚ ਹਾਂ-ਪੱਖੀ ਪਹਿਲੂ ਰਿਹਾ। ਟੀਮ ਨੂੰ ਸ਼ਿਵਮ ਦੂਬੇ ਤੋਂ ਵੀ ਵੱਡੇ ਸਕੋਰ ਦੀ ਉਮੀਦ ਹੋਵੇਗੀ। ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਚੁਣਿਆ ਗਿਆ ਇਹ ਆਲਰਾਊਂਡਰ ਗੁਜਰਾਤ ਵਿਰੁੱਧ 13 ਗੇਂਦਾਂ ’ਤੇ 21 ਦੌੜਾਂ ਹੀ ਬਣਾ ਸਕਿਆ ਸੀ।

ਜਿੱਥੋਂ ਤਕ ਚੇਨਈ ਦੀ ਗੇਂਦਬਾਜ਼ੀ ਦਾ ਸਵਾਲ ਹੈ ਤਾਂ ਤੁਸ਼ਾਰ ਦੇਸ਼ਪਾਂਡੇ ਨੇ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ ਜਦਕਿ ਸ਼ਾਰਦੁਲ ਠਾਕੁਰ ਨੇ ਕਫਾਇਤੀ ਗੇਂਦਬਾਜ਼ੀ ਕੀਤੀ ਪਰ ਉਸਦੇ ਹੋਰ ਗੇਂਦਬਾਜ਼ਾਂ ਨੂੰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨਾ ਪਵੇਗਾ। ਇਹ ਮੈਚ ਦਿਨ ਵਿਚ ਹੋਵੇਗਾ ਤੇ ਸੁਪਰ ਕਿੰਗਜ਼ ਨੂੰ ਆਪਣੇ ਘਰੇਲੂ ਮੈਦਾਨ ’ਤੇ ਇਸਦਾ ਫਾਇਦਾ ਮਿਲੇਗਾ।

ਜਿੱਥੋਂ ਤਕ ਰਾਜਸਥਾਨ ਦਾ ਸਵਾਲ ਹੈ ਤਾਂ ਟੀਮ ਜਿੱਤ ਦੇ ਰਸਤੇ ’ਤੇ ਪਰਤਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਸਦੀ ਚਿੰਤਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਹੈ। ਇਹ ਸਲਾਮੀ ਬੱਲੇਬਾਜ਼ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਰਵਸ੍ਰੇਸ਼ਠ ਫਾਰਮ ਵਿਚ ਪਰਤਣ ਦੀ ਕੋਸ਼ਿਸ਼ ਕਰੇਗਾ। ਕਪਤਾਨ ਸੰਜੂ ਸੈਮਸਨ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪਰ ਉਸ ਨੂੰ ਰਿਆਨ ਪ੍ਰਾਗ, ਸ਼ੁਭਮ ਦੂਬੇ ਤੇ ਰੋਵਮੈਨ ਪਾਵੈੱਲ ਤੋਂ ਚੰਗੇ ਸਹਿਯੋਗ ਦੀ ਲੋੜ ਹੈ। ਤਜਰਬੇਕਾਰ ਸਪਿਨਰ ਆਰ. ਅਸ਼ਵਿਨ ਨੇ ਦਿੱਲੀ ਕੈਪੀਟਲਸ ਵਿਰੁੱਧ ਪਿਛਲੇ ਮੈਚ ਵਿਚ 3 ਵਿਕਟਾਂ ਹਾਸਲ ਕੀਤੀਆਂ ਸਨ ਤੇ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਉਸਦੇ ਨਾਲ ਯੁਜਵੇਂਦਰ ਚਾਹਲ ਦੀ ਮੌਜੂਦਗੀ ਨਾਲ ਰਾਜਸਥਾਨ ਦਾ ਹਮਲਾ ਮਜ਼ਬੂਤ ਬਣ ਜਾਂਦਾ ਹੈ। ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਆਵੇਸ਼ ਖਾਨ ਹਾਲਾਂਕਿ ਪਿਛਲੇ ਮੈਚ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ, ਜਿਸ ਦੀ ਭਰਪਾਈ ਉਹ ਇਸ ਮੈਚ ਵਿਚ ਕਰਨਾ ਚਾਹੇਗਾ।


author

Tarsem Singh

Content Editor

Related News