PBKS v CSK : ਚੇਨਈ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ
Friday, Apr 16, 2021 - 10:43 PM (IST)
ਮੁੰਬਈ– ਚੇਨਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਪੀ. ਐੱਲ. ਮੈਚ ਵਿਚ ਦੀਪਕ ਚਾਹਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਕਿੰਗਜ਼ ਨੂੰ ਘੱਟ ਸਕੋਰ ’ਤੇ ਰੋਕਣ ਤੋਂ ਬਾਅਦ 26 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਸ਼ੁਰੂਆਤੀ ਮੈਚ ਵਿਚ ਦਿੱਲੀ ਕੈਪੀਟਲਸ ਹੱਥੋਂ 7 ਵਿਕਟਾਂ ਨਾਲ ਹਾਰ ਜਾਣ ਵਾਲੀ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਹ ਟੀਮ ਲਈ 200ਵਾਂ ਮੈਚ ਸੀ, ਜਿਸ ਵਿਚ ਟੀਮ ਨੇ ਇਸ ਸੈਸ਼ਨ ਦੀ ਪਹਿਲੀ ਜਿੱਤ ਹਾਸਲ ਕੀਤੀ।
ਚਾਹਰ ਦੇ ਸ਼ਾਨਦਾਰ ਸ਼ੁਰੂਆਤੀ ਸਪੈੱਲ ਨਾਲ ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦੇਣ ਤੋਂ ਬਾਅਦ 8 ਵਿਕਟਾਂ ’ਤੇ 106 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਚਾਹਰ ਨੇ ਆਪਣੇ 4 ਵਿਚੋਂ ਇਕ ਓਵਰ ਮੇਡਨ ਸੁੱਟਿਆ ਤੇ 13 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਛੋਟੇ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੇ ਹਾਲਾਂਕਿ ਜਿੱਤ ਦਰਜ ਕਰਨ ਲਈ 15.4 ਓਵਰ ਲਏ, ਜਿਸ ਵਿਚ ਉਸ ਨੇ ਚਾਰ ਵਿਕਟਾਂ ਗੁਆ ਦਿੱਤੀਆਂ। ਇਸ ਤਰ੍ਹਾਂ ਉਸ ਨੇ 107 ਦੌੜਾਂ ਬਣਾਈਆਂ ਤੇ ਦੋ ਅੰਕ ਹਾਸਲ ਕਰਕੇ ਖਾਤਾ ਖੋਲ੍ਹਿਆ। ਟੀਮ ਲਈ ਮੋਇਨ ਅਲੀ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਜਦਕਿ ਫਾਫ ਡੂ ਪਲੇਸਿਸ ਨੇ ਅਜੇਤੂ 36 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 46 ਗੇਂਦਾਂ ’ਤੇ 66 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ 90 ਦੇ ਸਕੋਰ ’ਤੇ ਮੋਇਨ ਅਲੀ ਆਊਟ ਹੋ ਗਿਆ, ਜਿਸ ਨੂੰ ਮੁਰੂਗਨ ਅਸ਼ਵਿਨ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਟੀਮ ਆਸਾਨੀ ਨਾਲ ਟੀਚੇ ਵੱਲ ਵਧ ਰਹੀ ਸੀ ਪਰ 99 ਦੌੜਾਂ ’ਤੇ ਮੁਹੰਮਦ ਸ਼ੰਮੀ ਨੇ ਸੁਰੇਸ਼ ਰੈਨਾ ਤੇ ਅੰਬਾਤੀ ਰਾਇਡੂ ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰਕੇ ਉਸਦੀ ਜਿੱਤ ਦਾ ਇੰਤਜ਼ਾਰ ਲੰਬਾ ਕਰ ਦਿੱਤਾ। 15ਵੇਂ ਓਵਰ ਵਿਚ 2 ਵਿਕਟਾਂ ਡਿੱਗਣ ਤੋਂ ਬਾਅਦ ਅਗਲੇ ਓਵਰ ਵਿਚ ਟੀਮ ਨੇ ਜਿੱਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਰਨ ਆਊਟ ਕਰਨ 'ਚ ਮਾਸਟਰ ਦੀ ਡਿਗਰੀ ਹਾਸਲ ਕਰ ਰੱਖੀ ਹੈ ਜਡੇਜਾ ਨੇ, ਦੇਖੋ ਰਿਕਾਰਡ
ਇਸ ਤੋਂ ਪਹਿਲਾਂ ਤਾਮਿਲਨਾਡੂ ਦਾ ‘ਪਾਵਰ ਹਿੱਟਰ’ ਐੱਮ. ਸ਼ਾਹਰੁਖ ਖਾਨ ਹੀ ਪੰਜਾਬ ਦਾ ਇਕਲੌਤਾ ਬੱਲੇਬਾਜ਼ ਰਿਹਾ, ਜਿਹੜਾ ਕ੍ਰੀਜ਼ ’ਤੇ ਟਿਕ ਸਕਿਆ ਤੇ ਜਿਸ ਨੇ 36 ਗੇਂਦਾਂ ਵਿਚ 47 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਚਾਰ ਚੌਕੇ ਤੇ ਦੋ ਛੱਕੇ ਸ਼ਾਮਲ ਸਨ ਪਰ ਉਹ ਆਖਰੀ ਓਵਰ ਵਿਚ ਸੈਮ ਕਿਊਰੇਨ ਦੀ ਗੇਂਦ ’ਤੇ ਆਊਟ ਹੋ ਗਿਆ। ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਪਾਵਰ ਪਲੇਅ ਵਿਚ ਪੰਜਾਬ ਕਿੰਗਜ਼ ਦੀਆਂ 26 ਦੌੜਾਂ ’ਤੇ 4 ਵਿਕਟਾਂ ਲੈ ਲਈਆਂ ਸਨ, ਜਿਸ ਨੇ ਪਹਿਲੇ ਹੀ ਓਵਰ ਵਿਚ ਮਯੰਕ ਅਗਰਵਾਲ (0) ਨੂੰ ਖੂਬਸੂਰਤ ਗੇਂਦ ’ਤੇ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਵੀ ਉਸ ਨੇ ਦਬਾਅ ਬਣਾਈ ਰੱਖਿਆ ਤੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿਚ ਸਿਰਫ 2 ਚੌਕੇ ਹੀ ਲੱਗਣ ਦਿੱਤੇ।
ਫਾਰਮ ਵਿਚ ਚੱਲ ਰਿਹਾ ਪੰਜਾਬ ਦਾ ਕਪਤਾਨ ਕੇ. ਐੱਲ. ਰਾਹੁਲ (5) ਸ਼ਾਰਟ ਕਵਰ ’ਤੇ ਖੜ੍ਹੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਥ੍ਰੋਅ ’ਤੇ ਰਨ ਆਊਟ ਹੋ ਗਿਆ, ਜਿਹੜਾ ਇਕ ਦੌੜ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਡੇਜਾ ਨੇ ਇਸ ਤੋਂ ਬਾਅਦ ਪੰਜਵੇਂ ਓਵਰ ਵਿਚ ਡਾਈਵ ਕਰਦੇ ਹੋਏ ਬਿਹਤਰੀਨ ਕੈਚ ਫੜਿਆ ਤੇ ਕ੍ਰਿਸ ਗੇਲ ਦੀ 10 ਦੌੜਾਂ ਦੀ ਪਾਰੀ ਖਤਮ ਕਰ ਦਿੱਤੀ, ਜਿਹੜਾ ਚਾਹਰ ਦਾ ਦੂਜਾ ਸ਼ਿਕਾਰ ਸੀ। ਨਿਕੋਲਸ ਪੂਰਨ ਦੂਜੀ ਵਾਰ ਜ਼ੀਰੋ ’ਤੇ ਆਊਟ ਹੋਇਆ। ਉਹ ਚਾਹਰ ਦੀ ਸ਼ਾਰਟ ਗੇਂਦ ’ਤੇ ਸ਼ਾਰਦੁਲ ਠਾਕੁਰ ਦੇ ਹੱਥਾਂ ਵਿਚ ਕੈਚ ਦੇ ਬੈਠਾ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਦੀਪਕ ਹੁੱਡਾ (10) ਸੱਤਵੇਂ ਓਵਰ ਵਿਚ ਫਾਫ ਡੂ ਪਲੇਸਿਸ ਨੂੰ ਆਸਾਨ ਕੈਚ ਦੇ ਕੇ ਆਊਟ ਹੋਇਆ ਤੇ ਇਹ ਚਾਹਰ ਦੀ ਚੌਥੀ ਵਿਕਟ ਸੀ। ਹੁਣ ਟੀਮ ਦਾ ਸਕੋਰ 5 ਵਿਕਟਾਂ ’ਤੇ 26 ਦੌੜਾਂ ਹੋ ਗਿਆ। ਸ਼ਾਹਰੁਖ ਖਾਨ ਤੇ ਝਾਏ ਰਿਚਰਡਸਨ (15) ਨੇ ਛੇਵੀਂ ਵਿਕਟ ਲਈ 31 ਦੌੜਾਂ ਜੋੜੀਆਂ। ਮੁਰੂਗਨ ਅਸ਼ਵਿਨ (6) ਨੇ ਫਿਰ ਸ਼ਾਹਰੁਖ ਖਾਨ ਨਾਲ 30 ਦੌੜਾਂ ਜੋੜ ਕੇ ਪੰਜਾਬ ਨੂੰ ਇਸ ਸਕੋਰ ਤਕ ਪਹੁੰਚਣ ਵਿਚ ਮਦਦ ਕੀਤੀ।
ਸੰਭਾਵਤ ਟੀਮਾਂ :
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ ਤੇ ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਦੀਪਕ ਹੁੱਡਾ, ਨਿਕੋਲਸ ਪੂਰਨ, ਸ਼ਾਹਰੁਖ ਖਾਨ, ਝਾਏ ਰਿਚਰਡਸਨ, ਮੁਰੂਗਨ ਅਸ਼ਵਿਨ, ਰਿਲੀ ਮੈਰਿਥ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਮੋਇਸਜ਼ ਹੈਨਰੀਕਸ, ਮਨਦੀਪ ਸਿੰਘ, ਕ੍ਰਿਸ ਜੌਰਡਨ, ਡੇਵਿਡ ਮਲਾਨ, ਜਲਜ ਸਕਸੈਨਾ, ਸਰਫਰਾਜ਼ ਖਾਨ, ਫੈਬੀਅਨ ਐਲਨ, ਸੌਰਭ ਕੁਮਾਰ, ਈਸ਼ਾਨ ਪੋਰੇਲ, ਰਵੀ ਬਿਸ਼ਨੋਈ, ਉਤਕਰਸ਼ ਸਿੰਘ, ਦਰਸ਼ਨ ਨਲਕੰਡੇ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਬਰਾੜ
ਚੇਨਈ ਸੁਪਰ ਕਿੰਗਜ਼ : ਰਿਤੁਰਾਜ ਗਾਇਕਵਾ਼ਡ਼, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਵਿਕਟਕੀਪਰ ਤੇ ਕਪਤਾਨ), ਰਵਿੰਦਰ ਜਡੇਜਾ, ਸੈਮ ਕਰਨ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਰੌਬਿਨ ਉਥੱਪਾ, ਚੇਤੇਸ਼ਵਰ ਪੁਜਾਰਾ, ਕਰਨ ਸ਼ਰਮਾ, ਇਮਰਾਨ ਤਾਹਿਰ, ਕ੍ਰਿਸ਼ਨਾੱਪਾ ਗੌਥਮ, ਮਿਸ਼ੇਲ ਸੈਨਟਨਰ, ਰਵੀ ਸਰੀਨਿਵਾਸਨ ਸਾਈ ਕਿਸ਼ੋਰ, ਹਰੀ ਨਿਸ਼ਾਂਤ, ਐਨ ਜਗਦੀਸਨ, ਕੇ. ਐਮ. ਆਸਿਫ, ਹਰੀਸ਼ੰਕਰ ਰੈੱਡੀ, ਭਗਥ ਵਰਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।