ਭਾਰਤੀ ਕ੍ਰਿਕਟਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਦੌਰੇ ’ਤੇ ਜਾਣ ਦੀ ਮਿਲੀ ਮਨਜ਼ੂਰੀ

Tuesday, Jun 01, 2021 - 02:09 PM (IST)

ਭਾਰਤੀ ਕ੍ਰਿਕਟਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਦੌਰੇ ’ਤੇ ਜਾਣ ਦੀ ਮਿਲੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਪੁਰਸ਼ ਅਤੇ ਮਹਿਲਾ ਦੋਵਾਂ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਨ੍ਹਾਂ ਨਾਲ ਇਸ ਮਹੀਨੇ ਹੋਣ ਵਾਲੇ ਇੰਗਲੈਂਡ ਦੇ ਲੰਬੇ ਦੌਰੇ ’ਤੇ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੂਤਰ ਨੇ ਮੰਗਲਵਾਰ ਨੂੰ ਇਹ ਖ਼ੁਲਾਸਾ ਕੀਤਾ।

ਬੀ.ਸੀ.ਸੀ.ਆਈ. ਨੇ ਅਪੀਲ ਕੀਤੀ ਸੀ ਕਿ ਖਿਡਾਰੀਆਂ ਨੂੰ ਆਪਣੇ ਕਰੀਬੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਨੂੰ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ ਕਾਫ਼ੀ ਲੰਬਾ ਬਿਤਾਉਣਾ ਹੋਵੇਗਾ। ਹਾਲਾਂਕਿ ਪਤਾ ਲੱਗਾ ਕਿ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਸਮੇਤ ਕੋਈ ਵੀ ਬੀ.ਸੀ.ਸੀ.ਆਈ. ਅਹੁਦਾ ਅਧਿਕਾਰੀ ਇੰਗਲੈਂਡ ਵਿਚ ਸਖ਼ਤ ਇਕਾਂਤਵਾਸ ਨਿਯਮਾਂ ਕਾਰਨ ਨਿਊਜ਼ੀਲੈਂਡ ਖ਼ਿਲਾਫ਼ 18 ਤੋਂ 22 ਜੂਨ ਸਾਊਥੈਂਪਟਨ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਦੌਰਾਨ ਮੌਜੂਦ ਨਹੀਂ ਰਹੇਗਾ। 

ਇਹ ਵੀ ਪੜ੍ਹੋ: ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪੁੱਜੀ ਦਿੱਲੀ ਪੁਲਸ

ਸੂਤਰ ਨੇ ਕਿਹਾ, ‘ਹਾਂ, ਇਹ ਚੰਗੀ ਖ਼ਬਰ ਹੈ ਕਿ ਖਿਡਾਰੀਆਂ ਨਾਲ ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਦੌਰੇ ’ਤੇ ਜਾ ਸਕੇਗਾ। ਮਹਿਲਾ ਟੀਮ ਨਾਲ ਵੀ ਅਜਿਹਾ ਹੈ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਜਾ ਸਕਣਗੀਆਂ। ਇਹ ਅਜਿਹਾ ਸਮਾਂ ਹੈ, ਜਦੋਂ ਖਿਡਾਰੀਆਂ ਦੀ ਮਾਨਸਿਕ ਬਿਹਤਰੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।’ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਲੰਡਨ ਹੁੰਦੇ ਹੋਏ ਸਾਊਥੈਂਪਟਨ ਲਈ ਰਵਾਨਾ ਹੋਣਗੀਆਂ।

ਮਹਿਲਾ ਟੀਮ ਨੂੰ ਬ੍ਰਿਸਟਲ ਵਿਚ 16 ਤੋਂ 19 ਜੂਨ ਤੱਕ ਇਕਮਾਤਰ ਟੈਸਟ ਖੇਡਣਾ ਹੈ। ਮਹਿਲਾ ਅਤੇ ਪੁਰਸ਼ ਟੀਮ ਸਾਊਥੈਂਪਟਨ ਦੇ ਹੋਟਲ ਹਿਲਟਨ ਵਿਚ ਸਖ਼ਤ ਇਕਾਂਤਵਾਸ ਵਿਚੋਂ ਲੰਘਣਗੀਆਂ। ਭਾਰਤ ਦੀਆਂ ਦੋਵਾਂ ਟੀਮਾਂ ਨੇ ਭਾਰਤ ਵਿਚ 14 ਦਿਨ ਦਾ ਇਕਾਂਤਵਾਸ (ਹੋਟਲ ਅਤੇ ਘਰ ਮਿਲਾਕੇ) ਪੂਰਾ ਕੀਤਾ ਹੈ ਅਤੇ ਇਸ ਦੌਰਾਨ 6 ਵਾਰ ਉਨ੍ਹਾਂ ਨੇ ਆਰਟੀ-ਪੀਸੀਆਰ ਟੈਸਟ ਦਾ ਨਤੀਜਾ ਨੈਗੇਟਿਵ ਆਇਆ, ਜਿਸ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਚਾਰਟਡ ਜਹਾਜ਼ ਰਾਹੀਂ ਲੰਡਨ ਜਾਣ ਦੀ ਇਜਾਜ਼ਤ ਦਿੱਤੀ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News