ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ
Wednesday, Feb 16, 2022 - 10:05 AM (IST)
ਨਵੀਂ ਦਿੱਲੀ (ਭਾਸ਼ਾ): ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਬੁੱਧਵਾਰ ਨੂੰ ਪ੍ਰਸਿੱਧ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਬੱਪੀ ਲਹਿਰੀ ਦਾ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿਚ 69 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਡਾਕਟਰ ਦੀਪਕ ਨਾਮਜੋਸ਼ੀ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਯੁਵਰਾਜ ਸਿੰਘ ਨੇ ਕਿਹਾ ਕਿ ਬੱਪੀ ਲਹਿਰੀ ਨੂੰ ਉਨ੍ਹਾਂ ਦੀਆਂ "ਮਨਮੋਹਕ" ਸੰਗੀਤਕ ਰਚਨਾਵਾਂ ਲਈ ਯਾਦ ਕੀਤਾ ਜਾਵੇਗਾ।
ਯੁਵਰਾਜ ਨੇ ਟਵੀਟ ਕੀਤਾ, 'ਪ੍ਰਸਿੱਧ ਸੰਗੀਤਕਾਰ #BappiLahiri ਜੀ ਦੇ ਦਿਹਾਂਤ ਦੀ ਦੁਖ਼ਦਾਈ ਖ਼ਬਰ, ਉਹਨਾਂ ਨੂੰ ਉਹਨਾਂ ਦੀਆਂ ਮਨਮੋਹਕ ਸੰਗੀਤਕ ਰਚਨਾਵਾਂ ਲਈ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਪਰਿਵਾਰ ਨਾਲ ਮੇਰੀ ਹਮਦਰਦੀ। RIP #BappiDa।'
ਡਾਕਟਰ ਮੁਤਾਬਕ 'ਡਿਸਕੋ ਡਾਂਸਰ' ਹਿੱਟਮੇਕਰ ਦਾ ਬੀਤੀ ਰਾਤ ਕਈ ਸਿਹਤ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਡਾ. ਦੀਪਕ ਨਾਮਜੋਸ਼ੀ ਨੇ ਕਿਹਾ, 'ਉਹ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸਨ ਅਤੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਸਨ। ਬੀਤੀ ਰਾਤ ਓ.ਐੱਸ.ਏ. (ਓਬਸਟਰਕਟਿਵ ਸਲੀਪ ਐਪਨੀਆ) ਕਾਰਨ ਉਨ੍ਹਾਂ ਦੀ ਮੌਤ ਹੋ ਗਈ।' ਦੱਸ ਦੇਈਏ ਕਿ ਬੱਪੀ ਲਹਿਰੀ ਨੂੰ ਪਿਛਲੇ ਸਾਲ ਅਪ੍ਰੈਲ ਵਿਚ ਵੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ।