ਕੈਚ ਫੜਨ ਤੋਂ ਬਾਅਦ ਗੇਂਦ ਨੂੰ ਹਵਾ ਵਿੱਚ ਕਿਉਂ ਉਛਾਲਦੇ ਹਨ ਖਿਡਾਰੀ, ਜਾਣੋ ਇਸ ਪਿੱਛੇ ਦਾ ਇਤਿਹਾਸਕ ਕਾਰਨ
Thursday, Jan 29, 2026 - 09:55 PM (IST)
ਸਪੋਰਟਸ ਡੈਸਕ- ਕ੍ਰਿਕਟ ਦੇ ਮੈਦਾਨ ਵਿੱਚ ਜਦੋਂ ਵੀ ਕੋਈ ਫੀਲਡਰ ਜਾਂ ਵਿਕਟਕੀਪਰ ਕੈਚ ਫੜਦਾ ਹੈ, ਤਾਂ ਉਹ ਅਕਸਰ ਗੇਂਦ ਨੂੰ ਤੁਰੰਤ ਹਵਾ ਵਿੱਚ ਉਛਾਲ ਦਿੰਦਾ ਹੈ। ਦੇਖਣ ਵਿੱਚ ਇਹ ਭਾਵੇਂ ਜਸ਼ਨ ਮਨਾਉਣ ਦਾ ਇੱਕ ਅੰਦਾਜ਼ ਲੱਗਦਾ ਹੈ ਪਰ ਇਸ ਪਿੱਛੇ ਕ੍ਰਿਕਟ ਦੇ ਨਿਯਮਾਂ ਨਾਲ ਜੁੜਿਆ ਇੱਕ ਬਹੁਤ ਹੀ ਅਹਿਮ ਅਤੇ ਪੁਰਾਣਾ ਕਾਰਨ ਲੁਕਿਆ ਹੋਇਆ ਹੈ।
ਕ੍ਰਿਕਟ ਦੇ ਨਿਯਮਾਂ (Law 33 – Caught) ਦੇ ਮੁਤਾਬਕ, ਇੱਕ ਕੈਚ ਨੂੰ ਉਦੋਂ ਹੀ ਮੁਕੰਮਲ ਮੰਨਿਆ ਜਾਂਦਾ ਹੈ ਜਦੋਂ ਫੀਲਡਰ ਦਾ ਗੇਂਦ ਉੱਤੇ ਪੂਰਾ ਕੰਟਰੋਲ ਹੁੰਦਾ ਹੈ ਅਤੇ ਉਹ ਆਪਣੀ ਮੂਵਮੈਂਟ ਨੂੰ ਵੀ ਕਾਬੂ ਵਿੱਚ ਕਰ ਲੈਂਦਾ ਹੈ। ਪੁਰਾਣੇ ਸਮੇਂ ਵਿੱਚ ਜਦੋਂ DRS ਅਤੇ ਹਾਈ-ਟੈਕ ਕੈਮਰਿਆਂ ਵਰਗੀਆਂ ਸਹੂਲਤਾਂ ਨਹੀਂ ਸਨ, ਉਦੋਂ ਫੀਲਡਰ ਲਈ ਅੰਪਾਇਰ ਨੂੰ ਇਹ ਸਾਬਤ ਕਰਨਾ ਜ਼ਰੂਰੀ ਹੁੰਦਾ ਸੀ ਕਿ ਕੈਚ ਸਹੀ ਤਰੀਕੇ ਨਾਲ ਲਿਆ ਗਿਆ ਹੈ ਅਤੇ ਗੇਂਦ ਉਸਦੇ ਹੱਥੋਂ ਛੁੱਟੀ ਨਹੀਂ ਹੈ।
ਗੌਲਤਲਬ ਹੈ ਕਿ ਫੀਲਡਰ ਗੇਂਦ ਨੂੰ ਹਵਾ ਵਿੱਚ ਉਛਾਲ ਕੇ ਇਹ ਦਿਖਾਉਂਦੇ ਸਨ ਕਿ ਉਨ੍ਹਾਂ ਦਾ ਗੇਂਦ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸਨੂੰ ਆਪਣੀ ਮਰਜ਼ੀ ਨਾਲ ਛੱਡ ਰਹੇ ਹਨ। ਇਹ ਇੱਕ ਤਰ੍ਹਾਂ ਦਾ ਸਿਗਨਲ ਹੁੰਦਾ ਸੀ ਜਿਸ ਨਾਲ ਅੰਪਾਇਰ ਦੀ ਸ਼ੰਕਾ ਦੂਰ ਹੁੰਦੀ ਸੀ ਕਿ ਕੈਚ ਪੂਰਾ ਹੋ ਚੁੱਕਾ ਹੈ। ਅੱਜ ਦੇ ਸਮੇਂ ਵਿੱਚ ਭਾਵੇਂ ਥਰਡ ਅੰਪਾਇਰ ਅਤੇ ਸੁਪਰ ਸਲੋ-ਮੋਸ਼ਨ ਕੈਮਰੇ ਹਰ ਚੀਜ਼ ਸਾਫ਼ ਕਰ ਦਿੰਦੇ ਹਨ, ਪਰ ਇਹ ਪੁਰਾਣੀ ਆਦਤ ਹੁਣ ਖਿਡਾਰੀਆਂ ਦੇ ਜਸ਼ਨ ਦਾ ਹਿੱਸਾ ਬਣ ਚੁੱਕੀ ਹੈ।
ਕੈਚ ਲੈਣ ਲਈ ICC ਨਿਯਮ
• ਗੇਂਦ ਬੱਲੇਬਾਜ਼ ਦੇ ਬੱਲੇ ਨੂੰ ਛੂਹ ਕੇ ਆਉਣੀ ਚਾਹੀਦੀ ਹੈ ਅਤੇ ਉਹ ਗੇਂਦ 'ਨੋ ਬਾਲ' ਨਹੀਂ ਹੋਣੀ ਚਾਹੀਦੀ
• ਗੇਂਦ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਫੜੀ ਜਾਣੀ ਚਾਹੀਦੀ ਹੈ
• ਜੇਕਰ ਕੈਚ ਫੜਦੇ ਸਮੇਂ ਫੀਲਡਰ ਦਾ ਹੱਥ ਜ਼ਮੀਨ ਨੂੰ ਛੂਹ ਰਿਹਾ ਹੋਵੇ, ਤਾਂ ਵੀ ਕੈਚ ਸਹੀ ਮੰਨਿਆ ਜਾਵੇਗਾ ਜੇਕਰ ਉਂਗਲਾਂ ਗੇਂਦ ਦੇ ਹੇਠਾਂ ਹੋਣ
• ਫੀਲਡਰ ਨੂੰ ਬਾਊਂਡਰੀ ਦੇ ਅੰਦਰ ਰਹਿੰਦੇ ਹੋਏ ਹੀ ਕੈਚ ਪੂਰਾ ਕਰਨਾ ਪੈਂਦਾ ਹੈ ਅਤੇ ਗੇਂਦ ਕਿਸੇ ਵੀ ਸਮੇਂ ਬਾਊਂਡਰੀ ਤੋਂ ਬਾਹਰ ਕਿਸੇ ਚੀਜ਼ ਨੂੰ ਨਹੀਂ ਛੂਹਣੀ ਚਾਹੀਦੀ
ਇਸ ਤਰ੍ਹਾਂ, ਮੈਦਾਨ 'ਤੇ ਦਿਖਾਈ ਦੇਣ ਵਾਲਾ ਇਹ ਜਸ਼ਨ ਅਸਲ ਵਿੱਚ ਖੇਡ ਦੇ ਨਿਯਮਾਂ ਦੀ ਪਾਲਣਾ ਦੀ ਇੱਕ ਪੁਰਾਣੀ ਪਰੰਪਰਾ ਹੈ।
