ਕ੍ਰਿਕਟ ਆਸਟ੍ਰੇਲੀਆ ਦੀ ਭਾਰਤ ਤੇ ਪਾਕਿਸਤਾਨ ਦੀ ਸਥਿਤੀ ’ਤੇ ਨੇੜਿਓਂ ਨਜ਼ਰ
Saturday, May 10, 2025 - 11:21 AM (IST)

ਸਿਡਨੀ– ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ’ਤੇ ‘ਨੇੜਿਓਂ ਨਜ਼ਰ’ ਰੱਖੇ ਹੋਏ ਹਨ ਕਿਉਂਕਿ 20 ਤੋਂ ਵੱਧ ਆਸਟ੍ਰੇਲੀਆਈ ਖਿਡਾਰੀ ਤੇ ਕੋਚ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਆਈ. ਪੀ. ਐੱਲ. ’ਤੇ ਵੀਰਵਾਰ ਨੂੰ ਉਸ ਸਮੇਂ ਅਨਿਸ਼ਚਿਤਤਾ ਦੇ ਬੱਦਲ ਮੰਡਰਾਉਣ ਲੱਗੇ ਜਦੋਂ ਆਸ-ਪਾਸ ਦੇ ਸ਼ਹਿਰਾਂ ਵਿਚ ਹਵਾਈ ਹਮਲੇ ਦੀਆਂ ਸੰਭਾਵਨਾਵਾਂ ਕਾਰਨ ਧਰਮਸ਼ਾਲਾ ਵਿਚ ਦਿੱਲੀ ਕੈਪੀਟਲਸ ਤੇ ਪੰਜਾਬ ਕਿੰਗਜ਼ ਵਿਚਾਲੇ ਚੱਲਦੇ ਮੈਚ ਨੂੰ ਰੱਦ ਕਰਨਾ ਪਿਆ।
ਕ੍ਰਿਕਟ ਆਸਟ੍ਰੇਲੀਆ ਨੇ ਕਿਹਾ,‘‘ਅਸੀਂ ਆਸਟ੍ਰੇਲੀਆ ਸਰਕਾਰ, ਪੀ. ਸੀ ਬੀ., ਬੀ. ਸੀ. ਸੀ. ਆਈ. ਤੇ ਸਥਾਨਕ ਸਰਕਾਰੀ ਅਧਿਕਾਰੀਆਂ ਨਾਲ ਲਗਾਤਾਰ ਸਲਾਹ ਤੇ ਅਪਡੇਟ ਹਾਸਲ ਕਰਨ ਸਮੇਤ ਪਾਕਿਸਤਾਨ ਤੇ ਭਾਰਤ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣਾ ਜਾਰੀ ਰੱਖਾਂਗੇ। ਅਸੀਂ ਆਪਣੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਮੈਂਬਰਾਂ ਦੇ ਨਾਲ ਵੀ ਸੰਪਰਕ ਵਿਚ ਹਾਂ।’’
ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ ਤੇ ਕੋਚ ਰਿਕੀ ਪੋਂਟਿੰਗ ਤੇ ਬ੍ਰੈਡ ਹੈਡਿਨ ਆਈ. ਪੀ. ਐੱਲ. ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਜਦਕਿ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ, ਤੇਜ਼ ਗੇਂਦਬਾਜ਼ ਰਿਲੇ ਮੈਰੇਡਿਥ ਤੇ ਸੀਨ ਐਬੋਟ ਵਰਗੇ ਖਿਡਾਰੀ ਪੀ. ਐੱਸ. ਐੱਲ. ਵਿਚ ਖੇਡ ਰਹੇ ਹਨ।