ਪੰਤ ਦੀ ਸਮਰੱਥਾ ਤੇ ਯੋਗਤਾ ’ਤੇ ਕਦੇ ਸ਼ੱਕ ਨਹੀਂ ਸੀ : ਜ਼ਹੀਰ
Thursday, May 29, 2025 - 10:34 AM (IST)

ਲਖਨਊ– ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚ ਭਾਵੇਂ ਹੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਲਖਨਊ ਸੁਪਰ ਜਾਇੰਟਸ ਦੇ ਮੈਂਟਰ (ਮਾਰਗਦਰਸ਼ਕ) ਜ਼ਹੀਰ ਖਾਨ ਨੇ ਕਿਹਾ ਹੈ ਕਿ ਇਸ ਵਿਕਟਕੀਪਰ ਬੱਲੇਬਾਜ਼ ਦੀ ਸਮਰੱਥਾ ਤੇ ਯੋਗਤਾ ’ਤੇ ਕਦੇ ਸ਼ੱਕ ਨਹੀਂ ਹੋਇਆ।
ਮੈਗਾ ਨਿਲਾਮੀ ਵਿਚ 27 ਕਰੋੜ ਰੁਪਏ ਦੀ ਵੱਡੀ ਕੀਮਤ ’ਤੇ ਖਰੀਦੇ ਗਏ ਪੰਤ ਨੇ 13 ਪਾਰੀਆਂ ਵਿਚ ਸਿਰਫ 269 ਦੌੜਾਂ ਹੀ ਬਣਾਈਆਂ ਹਨ। ਉਸ ਨੇ ਟੀਮ ਦੇ ਸੈਸ਼ਨ ਦੇ ਆਖਰੀ ਮੈਚ ਵਿਚ 61 ਗੇਂਦਾਂ ’ਤੇ 118 ਦੌੜਾਂ ਬਣਾਈਆਂ ਪਰ ਇਸ ਦੇ ਬਾਵਜੂਦ ਉਸਦੀ ਟੀਮ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਹੀਰ ਨੇ ਕਿਹਾ,‘‘ਉਸ ਨੇ ਕਪਤਾਨ ਦੇ ਰੂਪ ਵਿਚ ਅਸਲ ਵਿਚ ਚੰਗਾ ਪ੍ਰਦਰਸ਼ਨ ਕੀਤਾ। ਇਹ ਪੂਰੇ ਸੈਸ਼ਨ ਵਿਚ ਸਾਡੇ ਲਈ ਹਾਂ-ਪੱਖੀ ਪਹਿਲੂ ਰਿਹਾ। ਬੱਲੇ ਨਾਲ ਉਸਦਾ ਪ੍ਰਦਰਸ਼ਨ ਨਿਸ਼ਚਿਤ ਰੂਪ ਨਾਲ ਉਸਦੇ ਲਈ ਸਿੱਖਣ ਵਾਲਾ ਤਜਰਬਾ ਰਿਹਾ ਕਿਉਂਕਿ ਇਸ ਤਰ੍ਹਾਂ ਦਾ ਸੈਸ਼ਨ ਉਸਦੇ ਲਈ ਕਾਫੀ ਮਹੱਤਵਪੂਰਨ ਸੀ ਪਰ ਉਸਦੀ ਯੋਗਤਾ ਤੇ ਸਮਰੱਥਾ ’ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ।’’
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ਾ ਨੇ ਕਿਹਾ ਕਿ ਇਸ ਹਮਲਾਵਰ ਵਿਕਟਕੀਪਰ ਬੱਲੇਬਾਜ਼ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਸ਼ਨ ਦਾ ਅੰਤ ਕਰਦੇ ਦੇਖਣਾ ਚੰਗਾ ਲੱਗਾ।