ਕੋਰੋਨਾ ਕਾਰਨ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਹੋਇਆ ਰੱਦ
Tuesday, Apr 20, 2021 - 12:45 PM (IST)
ਸਪੋਰਟਸ ਡੈਸਕ- ਦੇਸ਼ 'ਚ ਕੋਰੋਨਾ ਮਾਮਲਿਆਂ ਦੇ ਵਧਣ ਕਾਰਨ ਸੋਮਵਾਰ ਨੂੰ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਜੋ ਟੋਕੀਓ ਓਲੰਪਿਕ ਲਈ ਅੰਤਿਮ ਤਿੰਨ ਕੁਆਲੀਫਾਇੰਗ ਟੂਰਨਾਮੈਂਟਾਂ 'ਚੋਂ ਇਕ ਹੈ।
ਦਿੱਲੀ 'ਚ ਇੰਡੀਆ ਓਪਨ ਨੂੰ ਦਰਸ਼ਕਾਂ ਤੋਂ ਬਿਨਾਂ 11 ਤੋਂ 16 ਮਈ ਤਕ ਕਰਵਾਇਆ ਜਾਣਾ ਸੀ। ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਮੁੱਖ ਸਕੱਤਰ ਅਜੇ ਸਿੰਘਾਨੀਆ ਨੇ ਕਿਹਾ ਕਿ ਮੌਜੂਦਾ ਚੁਣੌਤੀਆਂ ਨੂੁੰ ਦੇਖਦੇ ਹੋਏ ਸਾਡੇ ਕੋਲ ਫ਼ਿਲਹਾਲ ਇਸ ਟੂਰਨਾਮੈਂਟ ਨੂੰ ਰੱਦ ਕਰਨ ਦੇ ਐਲਾਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ। ਬੀ. ਡਬਲਯੂ. ਐੱਫ., ਦਿੱਲੀ ਸਰਕਾਰ ਤੇ ਹੋਰ ਸ਼ੇਅਰਧਾਰਕਾਂ ਨਾਲ ਕਈ ਰਾਊਂਡ ਦੀ ਚਰਚਾ ਤੋਂ ਬਾਅਦ ਅਤੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਸਾਨੂੰ ਇਹ ਫ਼ੈਸਲਾ ਲੈਣ ਦੀ ਜ਼ਰੂਰਤ ਪਈ।
ਕੋਰੋਨਾ ਦੇ ਮਾਮਲੇ ਵਧਣ ਨਾਲ ਚੋਟੀ ਦੇ ਕਈ ਖਿਡਾਰੀਆਂ ਜਿਵੇਂ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ, ਸਾਬਕਾ ਵਿਸ਼ਵ ਚੈਂਪੀਅਨ ਰਤਚਾਨੋਕ ਇੰਤਾਨੋਨ ਅਤੇ ਡੇਨ ਮਾਰਕ ਦੇ ਐਂਡਰਸ ਏਂਟੋਨਸੇਨ ਅਤੇ ਰਾਸਮਸ ਗੇਮਕੇ ਨੇ ਓਲੰਪਿਕ ਰੈਂਕਿੰਗ ਦੇ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। ਸਿੰਘਾਨੀਆ ਨੇ ਕਿਹਾ ਕਿ ਸਾਨੂੰ 228 ਖਿਡਾਰੀਆਂ ਦੀ ਸਹਿਮਤੀ ਮਿਲੀ ਸੀ ਤੇ ਕੋਚਾਂ, ਸਹਿਯੋਗੀ ਸਟਾਫ ਅਤੇ ਅਧਿਕਾਰੀਆਂ ਸਮੇਤ ਲਗਪਗ 300 ਲੋਕ ਇਕੱਠੇ ਹੋਣਗੇ ਪਰ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਇੰਡੀਆ ਓਪਨ ਦੇ 2021 ਦੇ ਪੜਾਅ ਨੂੁੰ ਕਰਵਾਉਣਾ ਕਾਫੀ ਜੋਖਮ ਵਾਲਾ ਲੱਗਾ। ਇੰਡੀਆ ਓਪਨ ਦਾ ਪਿਛਲਾ ਪੜਾਅ ਵੀ ਰੱਦ ਕਰਨਾ ਪਿਆ ਸੀ।