BCCI ਦੀ ਸਲਾਨਾ ਬੈਠਕ ''ਤੇ ਕੋਰੋਨਾ ਦੀ ਮਾਰ, ਅਣਮਿੱਥੇ ਸਮੇਂ ਲਈ ਮੁਲਤਵੀ ਹੋਈ ਬੈਠਕ
Saturday, Sep 12, 2020 - 12:36 AM (IST)

ਨਵੀਂ ਦਿੱਲੀ- ਬੀ. ਸੀ. ਸੀ. ਆਈ. ਨੇ 30 ਸਤੰਬਰ ਨੂੰ ਹੋਣ ਵਾਲੀ ਆਪਣੀ ਸਲਾਨਾ ਆਮ ਬੈਠਕ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਹੈ ਕਿਉਂਕਿ ਇਸ ਨੂੰ ਆਨ ਲਾਈਨ ਨਹੀਂ ਕਰਵਾਇਆ ਜਾ ਸਕਦਾ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਪ੍ਰਦੇਸ਼ ਇਕਾਈਆਂ ਨੂੰ ਇਸਦੀ ਸੂਚਨਾ ਦੇ ਦਿੱਤੀ।
ਭਾਰਤੀ ਕ੍ਰਿਕਟ ਬੋਰਡ ਤਾਮਿਲਨਾਡੂ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ 1975 ਦੇ ਤਹਿਤ ਰਜਿਸਟਰਡ ਹੈ ਅਤੇ ਹਰ ਸਾਲ 30 ਸਤੰਬਰ ਤੋਂ ਪਹਿਲਾਂ ਏ. ਜੀ. ਐੱਮ. ਕਰਵਾਉਣੀ ਹੁੰਦੀ ਹੈ। ਸ਼ਾਹ ਨੇ ਪੱਤਰ 'ਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਤਾਮਿਲਨਾਡੂ ਸਰਕਾਰ ਦੇ ਰਜਿਸਟਰਡ ਵਿਭਾਗ ਨੇ ਤਾਮਿਲਨਾਡੂ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ 1975 ਦੇ ਤਹਿਤ ਰਜਿਸਟਰਡ ਸੁਸਾਇਟੀ ਦੇ ਲਈ ਏ. ਜੀ. ਐੱਮ. ਆਯੋਜਿਤ ਕਰਨ ਦੀ ਤਾਰੀਖ 30 ਸਤੰਬਰ 2020 ਤੋਂ ਵਧਾ ਕੇ ਦਸੰਬਰ 2020 ਕਰ ਦਿੱਤੀ ਹੈ। ਮਾਮਲੇ 'ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਏ. ਜੀ. ਐੱਮ. ਬਾਅਦ 'ਚ ਬੁਲਾਉਣ ਦਾ ਫੈਸਲਾ ਕੀਤਾ ਹੈ।