ਏਸ਼ੀਆ ਕਪ ਫਾਈਨਲ ਤੋਂ ਪਹਿਲਾਂ ਵਿਵਾਦ, ਭਾਰਤ-ਪਾਕਿਸਤਾਨ ਕਪਤਾਨਾਂ ਨੇ ਕੀਤਾ ਫੋਟੋਸ਼ੂਟ ਤੋਂ ਇਨਕਾਰ
Saturday, Sep 27, 2025 - 09:32 PM (IST)

ਸਪੋਰਟਸ ਡੈਸਕ — ਏਸ਼ੀਆ ਕਪ ਦੇ ਇਤਿਹਾਸ ’ਚ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਫਾਈਨਲ ਮੈਚ ਖੇਡਿਆ ਜਾਣ ਵਾਲਾ ਹੈ, ਪਰ ਇਸ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖ਼ਬਰਾਂ ਮੁਤਾਬਕ, ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਟ੍ਰੋਫੀ ਦੇ ਨਾਲ ਰਵਾਇਤੀ ਫੋਟੋਸ਼ੂਟ ਨਹੀਂ ਕਰਵਾਉਣਗੇ।
ਰਿਪੋਰਟਾਂ ਅਨੁਸਾਰ, ਟੀਮ ਇੰਡੀਆ ਨੇ ਇਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਇਹ ਪਹਿਲੀ ਵਾਰ ਨਹੀਂ ਹੈ ਕਿ ਏਸ਼ੀਆ ਕਪ 2025 ਵਿੱਚ ਭਾਰਤ-ਪਾਕਿਸਤਾਨ ਦੇ ਮੈਚਾਂ ਨੂੰ ਲੈ ਕੇ ਤਣਾਅ ਵਧਿਆ ਹੈ। ਜਾਣਕਾਰੀ ਮੁਤਾਬਕ, ਭਾਰਤੀ ਖਿਡਾਰੀ ਪੂਰੇ ਟੂਰਨਾਮੈਂਟ ਦੌਰਾਨ ਕਿਸੇ ਵੀ ਪਾਕਿਸਤਾਨੀ ਖਿਡਾਰੀ ਨਾਲ ਹੱਥ ਮਿਲਾਉਣ ਤੋਂ ਵੀ ਬਚਦੇ ਰਹੇ ਹਨ।
ਇਸ ਮਾਮਲੇ ’ਤੇ ਨਾਰਾਜ਼ ਹੋ ਕੇ ਪੀਸੀਬੀ (ਪਾਕਿਸਤਾਨ ਕ੍ਰਿਕਟ ਬੋਰਡ) ਨੇ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਹੋ ਸਕੀ। ਇਸ ਤੋਂ ਬਾਅਦ ਪਾਕਿ ਕਪਤਾਨ ਸਲਮਾਨ ਆਗਾ ਕਈ ਵਾਰ ਪ੍ਰੈਸ ਕਾਨਫਰੰਸ ਤੋਂ ਵੀ ਗਾਇਬ ਰਹੇ।
ਸੂਰਯਕੁਮਾਰ ਤੇ ਹਾਰਿਸ ਰਉਫ਼ ਨੂੰ ਮਿਲੀ ਸਜ਼ਾ
21 ਸਤੰਬਰ ਨੂੰ ਸੁਪਰ-4 ਰਾਊਂਡ ਦੇ ਭਾਰਤ-ਪਾਕਿਸਤਾਨ ਮੈਚ ਵਿੱਚ ਵੀ ਤਣਾਅ ਵਧ ਗਿਆ ਸੀ। ਪਾਕਿਸਤਾਨ ਦੇ ਹਾਰਿਸ ਰਉਫ਼ ਨੇ ਲੜਾਕੂ ਜਹਾਜ਼ ਮਾਰਨ ਵਾਲਾ ਇਸ਼ਾਰਾ ਕੀਤਾ, ਜਿਸ ’ਤੇ ICC ਨੇ ਉਸ ਦੀ ਮੈਚ ਫੀਸ ਦਾ 30% ਜੁਰਮਾਨਾ ਲਗਾਇਆ। ਸਾਹਿਬਜ਼ਾਦਾ ਫਰਹਾਨ ਨੂੰ ਗਨ ਸੈਲੀਬ੍ਰੇਸ਼ਨ ਲਈ ਕੇਵਲ ਚੇਤਾਵਨੀ ਦਿੱਤੀ ਗਈ। ਦੂਜੇ ਪਾਸੇ, ਸੂਰਯਕੁਮਾਰ ਯਾਦਵ ’ਤੇ ਵੀ 30% ਮੈਚ ਫੀਸ ਜੁਰਮਾਨਾ ਲਾਇਆ ਗਿਆ, ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ’ਤੇ ਜਿੱਤ ਨੂੰ ਪਹਲਗਾਮ ਦੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸਮਰਪਿਤ ਕੀਤਾ ਸੀ।