IPL 2019 : ਹਰ ਹਾਲ ''ਚ ਜਿੱਤ ਲਈ ਪੰਜਾਬ ਤੇ ਰਾਜਸਥਾਨ ਵਿਚਾਲੇ ਮੁਕਾਬਲਾ

04/16/2019 4:22:19 AM

ਮੋਹਾਲੀ— ਇੰਡੀਅਨ ਪ੍ਰੀਮੀਅਰ ਲੀਗ ਵਿਚ ਚੰਗੀ ਸ਼ੁਰੂਆਤ ਦੇ ਬਾਵਜੂਦ ਪਛੜੀ ਕਿੰਗਜ਼ ਇਲੈਵਨ ਪੰਜਾਬ ਆਪਣੇ ਘਰੇਲੂ ਮੈਦਾਨ 'ਤੇ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਦੀ ਮੇਜ਼ਬਾਨੀ ਕਰੇਗੀ, ਜਿਸ ਦੀ ਗੱਡੀ ਵੀ ਪਟਰੀ ਤੋਂ ਉਤਰਦੀ ਦਿਖਾਈ ਦੇ ਰਹੀ ਹੈ ਤੇ ਟੂਰਨਾਮੈਂਟ ਦੇ ਅਹਿਮ ਮੋੜ 'ਤੇ ਹੁਣ ਦੋਵੇਂ ਹੀ ਟੀਮਾਂ ਹਰ ਹਾਲ ਵਿਚ ਜਿੱਤ ਲਈ ਦਮ ਲਾਉਣਗੀਆਂ।
ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਚ ਪੰਜਾਬ ਲਈ ਘਰੇਲੂ ਮੈਦਾਨ 'ਤੇ ਵਾਪਸੀ ਦਾ ਚੰਗਾ ਮੌਕਾ ਹੋਵੇਗਾ, ਜਿਹੜੀ  ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਪਿਛਲਾ ਮੈਚ 8 ਵਿਕਟਾਂ ਨਾਲ ਹਾਰ ਚੁੱਕੀ ਹੈ। ਰਾਜਸਥਾਨ ਨੇ ਹਾਲਾਂਕਿ ਪਿਛਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਉਸੇ ਦੇ ਮੈਦਾਨ 'ਤੇ ਚਾਰ ਵਿਕਟਾਂ ਨਾਲ ਹਰਾ ਦਿੱਤਾ ਸੀ ਤੇ ਇਸ ਆਤਮਵਿਸ਼ਵਾਸ ਦੇ ਨਾਲ ਉਹ ਮੋਹਾਲੀ ਵਿਚ ਵੀ ਉਲਟਫੇਰ ਕਰਨ ਉਤਰੇਗੀ। ਪੰਜਾਬ ਦੀ ਟੀਮ ਅੰਕ ਸੂਚੀ ਵਿਚ 8 ਮੈਚਾਂ ਵਿਚੋਂ 4 ਜਿੱਤਾਂ ਤੇ 4 ਹਾਰ ਤੋਂ ਬਾਅਦ ਪੰਜਵੇਂ ਨੰਬਰ 'ਤੇ ਹੈ ਜਦਕਿ ਰਾਜਸਥਾਨ  ਦੀ ਹਾਲਤ ਹੋਰ ਵੀ ਖਰਾਬ ਹੈ, ਜਿਸ ਨੇ ਹੁਣ ਤਕ 7 ਮੈਚਾਂ ਵਿਚੋਂ 2 ਜਿੱਤ ਤੇ 5 ਹਾਰੇ ਹਨ। ਉਹ 8 ਟੀਮਾਂ  ਵਿਚ 7ਵੇਂ ਨੰਬਰ'ਤੇ ਹੈ ਤੇ ਫਿਲਹਾਲ ਟੂਰਨਾਮੈਂਟ ਵਿਚ ਉਸਦੇ ਲਈ ਬਾਕੀ ਬਚਿਆ ਹਰ ਮੈਚ ਜਿੱਤਣਾ ਜ਼ਰੂਰੀ ਹੋ ਗਿਆ ਹੈ। 
ਰਾਜਸਥਾਨ ਦਾ ਜੋਸ ਬਟਲਰ ਇਕ ਵਾਰ ਫਿਰ ਅਹਿਮ ਹੋਵੇਗਾ, ਜਿਸ ਨੇ ਪਿਛਲੇ ਮੈਚ ਵਿਚ 89 ਦੌੜਾਂ ਦੀ ਬਿਹਤਰੀਨ ਪਾਰੀ ਖੇਡ ਕੇ ਇਕੱਲੇ ਆਪਣੇ ਦਮ 'ਤੇ ਟੀਮ ਨੂੰ ਜਿੱਤ ਦਿਵਾਈ ਸੀ ਜਦਕਿ ਕਪਤਾਨ ਅਜਿੰਕਯ ਰਹਾਨੇ ਵੀ ਉਸ ਦੇ ਨਾਲ ਚੰਗੀ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤੀ ਦੇ ਸਕਦਾ ਹੈ। ਸੰਜੂ ਸੈਮਸਨ, ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਵਾਲਾ ਸਟੀਵ ਸਮਿਥ ਹੋਰ ਧਾਕੜ ਬੱਲੇਬਾਜ਼ ਹਨ। ਦੂਜੇ ਪਾਸੇ ਪੰਜਾਬ ਦੀ ਟੀਮ ਗੇਂਦਬਾਜ਼ੀ ਵਿਚ ਕਮਜ਼ੋਰ ਦਿਸ ਰਹੀ ਹੈ, ਜਿਸ ਨੂੰ ਪਿਛਲੇ ਮੈਚ ਵਿਚ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਕਾਫੀ ਪ੍ਰੇਸ਼ਾਨ ਕੀਤਾ ਸੀ। ਹਾਲਾਂਕਿ ਆਪਣੇ ਘਰੇਲੂ ਮੈਦਾਨ 'ਤੇ ਚੰਗਾ ਰਿਕਾਰਡ ਰੱਖਣ ਵਾਲਾ ਟੀਮ ਦਾ ਕਪਤਾਨ ਆਰ. ਅਸ਼ਵਿਨ ਅਗਲੇ ਮੈਚ ਵਿਚ ਕੁਝ ਬਦਲਾਅ ਕਰ ਸਕਦਾ ਹੈ।
 


Gurdeep Singh

Content Editor

Related News