IPL ਫਾਈਨਲ ਖੇਡਣ ’ਤੇ ਪਹਿਲੇ ਟੈਸਟ ਤੋਂ ਖੁੰਝ ਸਕਦੈ ਕ੍ਰਿਸ ਵੋਕਸ
Thursday, Mar 25, 2021 - 02:09 PM (IST)
ਸਪੋਰਟਸ ਡੈਸਕ : ਇੰਗਲੈਂਡ ਦੇ ਹਰਫਨਮੌਲਾ ਕ੍ਰਿਸ ਵੋਕਸ ਦੀ ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਜੇ ਫਾਈਨਲ ਵਿਚ ਪਹੁੰਚਦੀ ਹੈ ਤਾਂ ਉਹ ਆਪਣੇ ਇਕ ਟੈਸਟ ਤੋਂ ਖੁੰਝ ਜਾਵੇਗਾ ਪਰ ਉਸ ਨੇ ਕਿਹਾ ਕਿ ਭਾਰਤ ਵਿਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਥਾਂ ਬਣਾਉਣ ਲਈ ਅਜਿਹਾ ਮੌਕਾ ਵਾਰ-ਵਾਰ ਨਹੀਂ ਮਿਲੇਗਾ।
ਵੋਕਸ ਨੇ ਪਿਛਲੀ ਵਾਰ ਪਰਿਵਾਰਕ ਕਾਰਨਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਹੀਂ ਖੇਡਣ ਦਾ ਫੈਸਲਾ ਲਿਆ ਸੀ ਪਰ ਦਿੱਲੀ ਨੇ ਉਨ੍ਹਾਂ ਨੂੰ ਟੀਮ ਵਿਚ ਬਣਾਈ ਰੱਖਿਆ। ਉਹ ਭਾਰਤ ਵਿਰੁੱਧ ਟੈਸਟ ਸੀਰੀਜ਼ ਲਈ ਵੀ ਇੰਗਲੈਂਡ ਟੀਮ ਵਿਚ ਸੀ ਪਰ ਰੋਟੇਸ਼ਨ ਨੀਤੀ ਤਹਿਤ ਇਕ ਵੀ ਮੈਚ ਖੇਡੇ ਬਿਨਾਂ ਵਾਪਿਸ ਚਲਾ ਗਿਆ। ਦਿੱਲੀ ਦੀ ਟੀਮ ਯੂ. ਏ. ਈ. ਵਿਚ ਖੇਡੇ ਗਏ ਪਿਛਲੇ ਆਈ. ਪੀ. ਐੱਲ. ਦੇ ਫਾਈਨਲ ਵਿਚ ਪਹੁੰਚੀ ਸੀ।
ਇੰਗਲੈਂਡ ਨੇ 2 ਜੂਨ ਤੋਂ ਲਾਰਡਸ ’ਤੇ ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਖੇਡਣਾ ਸੀ, ਜਦਕਿ ਆਈ. ਪੀ. ਐੱਲ. ਫਾਈਨਲ 30 ਮਈ ਨੂੰ ਹੈ। ਵੋਕਸ ਨੇ ‘ਦਿ ਗਾਰਡੀਅਨ’ਨੂੰ ਕਿਹਾ ਕਿ ਜੇ ਮੈਂ ਦਿੱਲੀ ਦੀ ਆਖਰੀ ਇਲੈਵਨ ਵਿਚ ਨਹੀਂ ਰਹਾਂਗਾ ਤਾਂ ਰਿਕੀ (ਪੋਂਟਿੰਗ) ਨਾਲ ਇਸ ਬਾਰੇ ਗੱਲ ਕਰਾਂਗਾ। ਯਕੀਨੀ ਤੌਰ ’ਤੇ ਮੈਂ ਲਾਰਡਸ ’ਤੇ ਟੈਸਟ ਖੇਡਣਾ ਚਾਹੁੰਦਾ ਹਾਂ ਪਰ ਟੈਸਟ ਦਾ ਪ੍ਰੋਗਰਾਮ ਬਾਅਦ ਵਿਚ ਬਣਿਆ। ਵੋਕਸ 2015 ਤੋਂ ਇੰਗਲੈਂਡ ਦੀ ਟੀ-20 ਟੀਮ ਵਿਚ ਨਹੀਂ ਹੈ। ਉਸ ਨੇ ਕਿਹਾ ਕਿ ਮੈਂ ਕੈਰੀਅਰ ਦੇ ਉਸ ਪੜਾਅ ’ਤੇ ਹਾਂ ਕਿ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ । ਹੋ ਸਕਦੈ ਕਿ ਇਸ ਦੇ ਲਈ ਮੈਨੂੰ ਟੈਸਟ ਛੱਡਣਾ ਪਵੇ। ਉਸ ਨੇ ਕਿਹਾ ਕਿ ਦਿੱਲੀ ਟੀਮ ਨੇ ਮੇਰੇ ’ਤੇ ਭਰੋਸਾ ਰੱਖਿਆ ਹੈ ਅਤੇ ਮੈਂ ਉਸ ਦਾ ਬਦਲਾ ਲੈਣਾ ਚਾਹੁੰਦਾ ਹਾਂ । ਆਈ. ਪੀ. ਐੱਲ. ਤੋਂ ਮੈਂ ਹਮੇਸ਼ਾ ਸਿੱਖਿਆ ਹੈ ਅਤੇ ਮੈਂ ਟੀ-20 ਵਿਸ਼ਵ ਕੱਪ ਟੀਮ ਵਿਚ ਵੀ ਥਾਂ ਬਣਾਉਣਾ ਚਾਹੁੰਦਾ ਹਾਂ।