ਚੈੱਸਬੇਸ ਇੰਡੀਆ ਜੂਨੀਅਰ ਸੁਪਰ ਕੱਪ : ਨਿਹਾਲ ਤੇ ਪ੍ਰਗਿਆਨੰਦਾ ''ਤੇ ਰਹਿਣਗੀਆਂ ਨਜ਼ਰਾਂ
Thursday, Dec 03, 2020 - 02:28 AM (IST)
ਮੁੰਬਈ (ਨਿਕਲੇਸ਼ ਜੈਨ)– ਭਾਰਤੀ ਸ਼ਤਰੰਜ ਆਪਣੇ ਧੁਨੰਤਰ ਤੇ ਬੇਹੱਦ ਪ੍ਰਤਿਭਾਸ਼ਾਲੀ ਜੂਨੀਅਰ ਖਿਡਾਰੀਆਂ ਦੀ ਵਜ੍ਹਾ ਨਾਲ ਇਸ ਸਮੇਂ ਕਾਫੀ ਚਰਚਾ ਵਿਚ ਰਹਿੰਦਾ ਹੈ ਤੇ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਕੌਣ ਆਉਣ ਵਾਲੇ ਸਮੇਂ ਵਿਚ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੀਆਂ ਉਪਲਬੱਧੀਆਂ ਨੂੰ ਦੁਹਰਾਏਗਾ। ਇਸੇ ਕ੍ਰਮ ਵਿਚ ਆਗਾਮੀ 5 ਦਸੰਬਰ ਤੋਂ ਚੈੱਸਬੇਸ ਇੰਡੀਆ ਜੂਨੀਅਰ ਸੁਪਰ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਰਤ ਦੇ ਚੋਟੀ ਦੇ 27 ਬਾਲਕ ਖਿਡਾਰੀ ਤੇ 5 ਚੋਟੀਆਂ ਦੀ ਬਾਲਿਕਾ ਖਿਡਾਰੀ ਨਾਕਆਊਟ ਆਧਾਰ 'ਤੇ ਖੇਡਦੀਆਂ ਨਜ਼ਰ ਆਉਣਗੀਆਂ।
ਵੱਡੀ ਗੱਲ ਇਹ ਹੋਵੇਗੀ ਕਿ ਭਾਰਤ ਨੂੰ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਾਲੇ ਚਾਰੇ ਚੋਟੀ ਦੇ ਜੂਨੀਅਰ ਖਿਡਾਰੀ ਗ੍ਰੈਂਡ ਮਾਸਟਰ ਨਿਹਾਲ ਸਰੀਨ, ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਤੇ ਮਹਿਲਾ ਗ੍ਰੈਂਡ ਮਾਸਟਰ ਦਿਵਿਆ ਦੇਸ਼ਮੁਖ, ਆਰ. ਵੈਸ਼ਾਲੀ ਤੇ ਵੰਤਿਕਾ ਅਗਰਵਾਲ ਵੀ ਇਸ ਵਿਚ ਖੇਡਦੀਆਂ ਨਜ਼ਰ ਆਉਣਗੀਆਂ। ਬਾਲਕ ਵਰਗ ਦੇ ਹੋਰਨਾਂ ਪ੍ਰਮੁੱਖ ਨਾਵਾਂ ਵਿਚ 8 ਹੋਰ ਗ੍ਰੈਂਡ ਮਾਸਟਰ ਆਰੀਅਨ ਚੋਪੜਾ, ਡੀ. ਮੁਕੇਸ਼, ਅਭਿਮਨਯੂ ਪੌਰਾਣਿਕ, ਅਰਜੁਨ ਐਰਗਾਸੀ, ਰੌਨਕ ਸਾਧਵਾਨੀ, ਹਰਸ਼ਾ ਭਾਰਤਕੋਠੀ, ਪੀ. ਇਯਾਨ ਤੇ ਪ੍ਰਿਥੂ ਗੁਪਤਾ ਵੀ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ।
ਪਹਿਲੇ ਰਾਊਂਡ ਤੇ ਪ੍ਰੀ-ਕੁਆਰਟਰ ਫਾਈਨਲ ਵਿਚ ਸਾਰੇ ਖਿਡਾਰੀ 3+1 ਮਿੰਟ ਦੇ ਚਾਰ ਮੈਚ ਖੇਡਣਗੇ ਤੇ ਟਾਈਬ੍ਰੇਕ ਹੋਣ 'ਤੇ ਅਰਮਾਗੋਦੇਨ ਰਾਊਂਡ ਖੇਡਿਆ ਜਾਵੇਗਾ । ਇਸ ਤੋਂ ਬਾਅਦ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਵਿਚ 5+1 ਮਿੰਟ ਦੇ ਦੋ ਮੈਚ ਤੇ 3+1 ਮਿੰਟ ਦੇ ਚਾਰ ਮੈਚ ਖੇਡੇ ਜਾਣਗੇ। ਫਾਈਨਲ ਮੁਕਾਬਲੇ ਵਿਚ 4 ਮੈਚ 5+1 ਮਿੰਟ ਦੇ ਅਤੇ 4 ਮੈਚ 3+1 ਮਿੰਟ ਦੇ ਖੇਡੇ ਜਾਣਗੇ ਅਤੇ ਜੇਕਰ ਟਾਈਬ੍ਰੇਕ ਹੋਇਆ ਤਾਂ ਅਰਮਾਗੋਦੇਨ ਦਾ ਮੁਕਾਬਲਾ ਖਿਤਾਬ ਦਾ ਫੈਸਲਾ ਕਰੇਗਾ।