ਸ਼ਤਰੰਜ ਟੂਰਨਾਮੈਂਟ : ਸ਼ਸ਼ੀਕਿਰਨ, ਅਰਵਿੰਦ, ਸੁਨੀਲ ਤੇ ਨਿਹਾਲ ਸਾਂਝੀ ਬੜ੍ਹਤ ''ਤੇ
Friday, Feb 22, 2019 - 08:10 PM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)— ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ਵਿਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਪਹਿਲੇ 2 ਰਾਊਂਡਜ਼ ਤੋਂ ਬਾਅਦ ਹੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਦਿਖਾਉਂਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਦੁਨੀਆ ਦੇ ਸਭ ਤੋਂ ਮੁਸ਼ਕਿਲ ਗ੍ਰੈਂਡ ਮਾਸਟਰ ਟੂਰਨਾਮੈਂਟ ਦੇ ਪੱਧਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 100 ਵਿਚੋਂ 71 ਖਿਡਾਰੀ ਗ੍ਰੈਂਡਮਾਸਟਰ ਹਨ।
ਪਹਿਲੇ 2 ਰਾਊਂਡਜ਼ ਤੋਂ ਬਾਅਦ ਸਿਰਫ 6 ਖਿਡਾਰੀ ਹੀ ਆਪਣੇ ਦੋਵੇਂ ਮੈਚ ਜਿੱਤ ਕੇ 2 ਅੰਕ ਬਣਾ ਸਕੇ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਖਿਡਾਰੀ ਭਾਰਤੀ ਹਨ। ਟੂਰਨਾਮੈਂਟ ਵਿਚ 11ਵਾਂ ਦਰਜਾ ਪ੍ਰਾਪਤ ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਪਹਿਲੇ ਰਾਊਂਡ ਵਿਚ ਮੇਜ਼ਬਾਨ ਰੂਸ ਦੇ ਕਲੇਮੇਂਟੀ ਸਈਚੇਵ 'ਤੇ ਰਾਏ ਲੋਪੇਜ਼ ਓਪਨਿੰਗ ਵਿਚ ਜਿੱਤ ਤੋਂ ਬਾਅਦ ਦੂਜੇ ਰਾਊਂਡ ਵਿਚ 40ਵਾਂ ਦਰਜਾ ਪ੍ਰਾਪਤ ਜਰਮਨੀ ਦੇ ਸਵਾਨੇ ਰੂਸਮੁਸ 'ਤੇ ਵੀ ਰਾਏ ਲੋਪੇਜ਼ ਓਪਨਿੰਗ ਵਿਚ ਇਕ ਬਿਹਤਰੀਨ ਜਿੱਤ ਦਰਜ ਕੀਤੀ।
ਦਿਨ ਦਾ ਵੱਡਾ ਉਲਟਫੇਰ ਕੀਤਾ 38ਵਾਂ ਦਰਜਾ ਭਾਰਤ ਦੇ ਅਰਵਿੰਦ ਚਿੰਦਾਂਬਰਮ ਨੇ, ਜਿਸ ਨੇ 10ਵਾਂ ਦਰਜਾ ਪ੍ਰਾਪਤ ਐਲਤਾਜ ਸਫਰਲੀ ਨੂੰ ਹਰਾਇਆ। 45ਵਾਂ ਦਰਜਾ ਪ੍ਰਾਪਤ ਨੰਨ੍ਹੇ ਮਾਸਟਰ ਨਿਹਾਲ ਸਰੀਨ ਨੇ ਸਰਬੀਆ ਦੇ 20ਵਾਂ ਦਰਜਾ ਪ੍ਰਾਪਤ ਇੰਡਜੀਕ ਅਲੈਗਜ਼ੈਂਡਰ ਨੂੰ ਹਰਾਉਂਦਿਆਂ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ। 42ਵਾਂ ਦਰਜਾ ਪ੍ਰਾਪਤ ਸੁਨੀਲ ਨਾਰਾਇਣਨ ਨੇ 19ਵਾਂ ਦਰਜਾ ਪ੍ਰਾਪਤ ਮੇਜ਼ਬਾਨ ਰੂਸ ਦੇ ਅਲੀਸਿੰਕੋ ਕਿਰਿਲ ਨੂੰ ਹਾਰ ਦਾ ਸਵਾਦ ਚਖਾਇਆ। ਸ਼ੁਰੂਆਤੀ 2 ਰਾਊਂਡਜ਼ ਤੋਂ ਬਾਅਦ ਭਾਰਤ ਦੇ ਇਨ੍ਹਾਂ ਚਾਰ ਖਿਡਾਰੀਆਂ ਤੋਂ ਇਲਾਵਾ ਰੂਸ ਦੇ ਮੈਕਸਿਮ ਚਿਗਏਵ ਤੇ ਚੀਨ ਦੇ ਜਹਾਓ ਜਿਯਾਂਚਾਓ ਵੀ 2 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹਨ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਹਰਿਕਾ ਦ੍ਰੋਣਾਵਲੀ ਨੇ ਅੱਜ ਆਪਣੇ ਤੋਂ ਕਿਤੇ ਵੱਧ ਰੇਟਿੰਗ ਦੇ ਅਰਮੀਨੀਅਨ ਖਿਡਾਰੀ ਮਾਰਟੀਓਸੀਅਨ ਹੈਕ ਨਾਲ ਮੁਕਾਬਲਾ ਡਰਾਅ ਖੇਡਿਆ ਤੇ ਫਿਲਹਾਲ ਹਰਿਕਾ 1.5 ਅੰਕਾਂ 'ਤੇ ਹੈ। ਉਸ ਤੋਂ ਇਲਾਵਾ ਸੂਰਯ ਸ਼ੇਖਰ ਗਾਂਗੁਲੀ, ਐੱਸ. ਪੀ. ਸੇਥੂਰਮਨ, ਰੌਨਕ ਸਾਧਵਾਨੀ, ਦੇਬਾਸ਼ੀਸ਼ ਦਾਸ ਵੀ 1.5 ਅੰਕਾਂ 'ਤੇ ਖੇਡ ਰਹੇ ਹਨ।
