ਸ਼ਤਰੰਜ ਟੂਰਨਾਮੈਂਟ : ਪੀ. ਇਨੀਅਨ ਦੂਜੇ ਸਥਾਨ ’ਤੇ ਰਹੇ
Monday, Jul 11, 2022 - 11:36 AM (IST)
ਸਪੋਰਟਸ ਡੈਸਕ- ਭਾਰਤ ਦੇ ਗਰੈਂਡ ਮਾਸਟਰ ਪੀ. ਇਨੀਅਨ ਇੱਥੇ ਲਾ ਪਲੇਗਨੇ ਅੰਤਰਰਾਸ਼ਟਰੀ ਓਪਨ ਸ਼ਤਰੰਜ ਟੂਰਨਾਮੈਂਟ 2022 ਵਿਚ ਦੂਜੇ ਸਥਾਨ ’ਤੇ ਰਹੇ। ਭਾਰਤ ਦੇ 19 ਸਾਲ ਦੇ ਗਰੈਂਡ ਮਾਸਟਰ ਨੇ ਨੌਂ ਗੇੜ ਵਿਚ ਸੱਤ ਅੰਕ ਹਾਸਲ ਕੀਤੇ ਤੇ ਉਹ ਐਤਵਾਰ ਨੂੰ ਯੂਕਰੇਨ ਦੇ ਗਰੈਂਡ ਮਾਸਟਰ ਵਿਤਾਲੀ ਸਿਵੁਕ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਰਹੇ। ਯੂਕਰੇਨ ਦੇ ਖਿਡਾਰੀ ਨੇ ਬਿਹਤਰ ਟਾਈਬ੍ਰੇਕ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਮੁੜ ਆਏ ਚਰਚਾ ’ਚ, ਇਸ ਟਵੀਟ ਨੂੰ ਲੈ ਕੇ ਹੋ ਰਹੇ ਟ੍ਰੋਲ
ਭਾਰਤ ਦੇ ਸਾਯੰਤਨ ਦਾਸ ਨੇ 6.5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਨੀਅਨ ਨੌਂ ਗੇੜ ਦੇ ਟੂਰਨਾਮੈਂਟ ਦੌਰਾਨ ਅਜੇਤੂ ਰਹੇ। ਉਨ੍ਹਾਂ ਨੇ ਪੰਜ ਬਾਜ਼ੀਆਂ ਜਿੱਤੀਆਂ ਜਦਕਿ ਚਾਰ ਡਰਾਅ ਖੇਡੀਆਂ। ਉਨ੍ਹਾਂ ਨੇ ਛੇਵੇਂ ਗੇੜ ਵਿਚ ਸਿਵੁਕ ਖ਼ਿਲਾਫ਼ ਡਰਾਅ ਖੇਡਿਆ। ਇਨੀਅਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ ਤੇ ਪੰਜ ਗੇੜ ਤੋਂ ਬਾਅਦ ਉਨ੍ਹਾਂ ਨੇ 4.5 ਅੰਕ ਸਨ। ਭਾਰਤੀ ਗਰੈਂਡ ਮਾਸਟਰ ਨੂੰ ਛੇਵੇਂ, ਸਤੱਵੇਂ ਤੇ ਅੱਠਵੇਂ ਲਗਾਤਾਰ ਤਿੰਨ ਗੇੜ ਵਿਚ ਡਰਾਅ ਦਾ ਖਮਿਆਜਾ ਭੁਗਤਣਾ ਪਿਆ।
ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਜਿੱਤਿਆ 21ਵਾਂ ਗ੍ਰੈਂਡ ਸਲੈਮ, ਵਿੰਬਲਡਨ ਫਾਈਨਲ 'ਚ ਕਿਰਗਿਓਸ ਨੂੰ ਹਰਾਇਆ
ਆਸਟ੍ਰੀਆ ਦੇ ਗਰੈਂਡ ਮਾਸਟਰ ਆਂਦਰੀਆਸ ਡਾਇਰਮੇਰ ਖ਼ਿਲਾਫ਼ ਜਿੱਤ ਨੇ ਇਨੀਅਨ ਦੇ ਅੰਕਾਂ ਦੀ ਗਿਣਤੀ ਨੂੰ ਸੱਤ ਤਕ ਪਹੁੰਚਾਇਆ। ਉਨ੍ਹਾਂ ਨੂੰ ਇਸ ਪ੍ਰਦਰਸ਼ਨ ਲਈ 10 ਰੇਟਿੰਗ ਅੰਕ ਮਿਲੇ। ਦੂਜੇ ਪਾਸੇ ਦਾਸ ਨੇ ਚਾਰ ਜਿੱਤਾਂ ਦਰਜ ਕੀਤੀਆਂ ਜਦਕਿ ਪੰਜ ਬਾਜ਼ੀਆਂ ਡਰਾਅ ਰਹੀਆਂ। ਉਨ੍ਹਾਂ ਨੇ ਇਨੀਅਨ ਤੇ ਸਿਵੁਕ ਨੂੰ ਵੀ ਬਰਾਬਰੀ ’ਤੇ ਰੋਕਿਆ। ਟੂਰਨਾਮੈਂਟ ਵਿਚ 19 ਦੇਸ਼ਾਂ ਦੇ 95 ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿਚ ਨੌਂ ਗਰੈਂਡ ਮਾਸਟਰ ਤੇ 18 ਅੰਤਰਰਾਸ਼ਟਰੀ ਮਾਸਟਰ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।