ਸ਼ਤਰੰਜ : ਅਭਿਜੀਤ ਗੁਪਤਾ ਨੂੰ ਚੋਟੀ ਦਾ ਦਰਜਾ

12/10/2018 1:03:24 AM

ਜੰਮੂ (ਨਿਕਲੇਸ਼ ਜੈਨ)— ਜੰਮੂ-ਕਸ਼ਮੀਰ ਸ਼ਤਰੰਜ ਸੰਘ ਅਤੇ ਅਖਿਲ ਭਾਰਤੀ ਸ਼ਤਰੰਜ ਸੰਘ ਦੇ ਸਾਂਝੇ ਯਤਨਾਂ ਨਾਲ ਹੋ ਰਹੀ ਨੈਸ਼ਨਲ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਸਾਬਕਾ ਕਾਮਨਵੈਲਥ ਚੈਂਪੀਅਨ ਗ੍ਰੈਂਡ ਮਾਸਟਰ ਅਭਿਜੀਤ ਗੁਪਤਾ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕੁਲ 19 ਗ੍ਰੈਂਡ ਮਾਸਟਰ, 24 ਇੰਟਰਨੈਸ਼ਨਲ ਮਾਸਟਰ ਸਮੇਤ ਕੁਲ 161 ਖਿਡਾਰੀ ਹਿੱਸਾ ਲੈ ਰਹੇ ਹਨ। ਪ੍ਰਤੀਯੋਗਿਤਾ ਵਿਚ ਕੁਲ 13 ਰਾਊਂਡ ਦੇ ਮੁਕਾਬਲੇ ਖੇਡੇ ਜਾਣਗੇ। 
ਪਹਿਲੇ 2 ਰਾਊਂਡ ਤੋਂ ਬਾਅਦ ਲਗਭਗ ਸਾਰੇ ਪ੍ਰਮੁੱਖ ਦਰਜਾ ਪ੍ਰਾਪਤ ਖਿਡਾਰੀਆਂ ਨੇ ਜਿੱਤ ਦਰਜ ਕਰਦੇ ਹੋਏ ਆਪਣੇ ਕਦਮ ਤੀਸਰੇ ਰਾਊਂਡ ਵੱਲ ਵਧਾ ਦਿੱਤੇ ਹਨ। ਫਿਲਹਾਲ ਪ੍ਰਮੁੱਖ ਖਿਡਾਰੀਆਂ ਵਿਚ ਅਭਿਜੀਤ ਗੁਪਤਾ, ਵੈਭਵ ਸੂਰੀ, ਅਰਵਿੰਦ, ਦੀਪਸੇਨ ਗੁਪਤਾ, ਦੀਪਨ ਚੱਕਰਵਰਤੀ, ਕਾਰਤਿਕ ਵੈਂਕਟਰਮਨ, ਵਿਸ਼ਣੂੰ ਪ੍ਰਸੰਨਾ, ਅਨੁਰਾਗ ਮਹਾਮਾਲ 2 ਅੰਕਾਂ 'ਤੇ ਖੇਡ ਰਹੇ ਹਨ। ਹਾਲਾਂਕਿ ਕੁਝ ਬੋਰਡਸ 'ਤੇ ਪ੍ਰਮੁੱਖ ਖਿਡਾਰੀਆਂ ਨੂੰ ਕਈ ਹੇਠਲਾ ਦਰਜਾ ਪ੍ਰਾਪਤ ਖਿਡਾਰੀਆਂ ਨੇ ਹੈਰਾਨ ਕੀਤਾ ਤੇ ਡਰਾਅ 'ਤੇ ਰੋਕਿਆ।
ਪ੍ਰਤੀਯੋਗਿਤਾ ਦੇ ਦੂਸਰਾ ਦਰਜਾ ਪ੍ਰਾਪਤ ਖਿਡਾਰੀ ਮੁਰਲੀ ਕਾਰਤੀਕੇਯਨ ਨੂੰ 41ਵਾਂ ਦਰਜਾ ਪ੍ਰਾਪਤ ਪੀ. ਡੀ. ਐੱਸ. ਗਿਰੀਨਾਥ ਨੇ ਡਰਾਅ 'ਤੇ ਰੋਕ ਲਿਆ। 6ਵਾਂ ਦਰਜਾ ਪ੍ਰਾਪਤ ਸੰਦੀਪਨ ਚੰਦਾ ਨੂੰ 47ਵਾਂ ਦਰਜਾ ਪ੍ਰਾਪਤ ਡੀ. ਕੇ. ਸ਼ਰਮਾ ਨੇ ਜਿੱਤਣ ਨਹੀਂ ਦਿੱਤਾ ਅਤੇ ਮੈਚ ਬਰਾਬਰੀ 'ਤੇ ਰੋਕ ਲਿਆ। ਇਕ ਹੋਰ ਮੁਕਾਬਲੇ ਵਿਚ ਨਿਰੰਜਨ ਨਵਲਗੁੰਡ ਨੇ ਸਾਬਕਾ ਚੈਂਪੀਅਨ ਸਵਪਨਿਲ ਧੋਪਾੜੇ ਨੂੰ ਡਰਾਅ 'ਤੇ ਰੋਕ ਲਿਆ।