ਇੰਗਲੈਂਡ ਨੂੰ ਹਰਾ ਕੇ ''ਟਾਪਰ'' ਬਣ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ''ਚ ਪੁੱਜੀ ਦੱਖਣੀ ਅਫਰੀਕਾ

Saturday, Mar 01, 2025 - 08:35 PM (IST)

ਇੰਗਲੈਂਡ ਨੂੰ ਹਰਾ ਕੇ ''ਟਾਪਰ'' ਬਣ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ''ਚ ਪੁੱਜੀ ਦੱਖਣੀ ਅਫਰੀਕਾ

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਚਾਰ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਹੋ ਗਿਆ ਹੈ। ਨਿਊਜ਼ੀਲੈਂਡ, ਭਾਰਤ, ਆਸਟ੍ਰੇਲੀਆ ਤੋਂ ਬਾਅਦ ਹੁਣ ਦੱਖਣੀ ਅਫਰੀਕਾ ਦੀ ਟੀਮ ਨੇ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੱਖਣੀ ਅਫਰੀਕਾ ਦੇ ਪ੍ਰਵੇਸ਼ ਨਾਲ ਅਫਗਾਨਿਸਤਾਨ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਜੇਕਰ ਇੰਗਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਵੱਡੀ ਜਿੱਤ ਹਾਸਲ ਕੀਤੀ ਹੁੰਦੀ ਤਾਂ ਅਫਗਾਨਿਸਤਾਨ ਕੋਲ ਇੱਕ ਮੌਕਾ ਹੁੰਦਾ ਪਰ ਦੱਖਣੀ ਅਫਰੀਕਾ ਖਿਲਾਫ ਮੈਚ ਵਿੱਚ ਅੰਗਰੇਜ਼ੀ ਟੀਮ ਸਿਰਫ਼ 179 ਦੌੜਾਂ 'ਤੇ ਢੇਰ ਹੋ ਗਈ। 

ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ 29.1 ਓਵਰਾਂ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਜਵਾਬ ਵਿੱਚ ਦੱਖਣੀ ਅਫਰੀਕਾ ਨੇ ਟ੍ਰਿਸਟਨ ਨੂੰ ਜਲਦੀ ਹੀ ਗੁਆ ਦਿੱਤਾ ਪਰ ਰਾਸੀ ਵੈਨ ਡੂਸੇਨ ਅਤੇ ਹੇਨਰਿਕ ਕਲਾਸੇਨ ਨੇ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਸੰਭਾਲਿਆ। ਅੰਤ ਵਿੱਚ ਡੇਵਿਡ ਮਿਲਰ (7) ਨੇ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਹਾਲਾਂਕਿ, ਸੈਮੀਫਾਈਨਲ ਮੈਚ ਵਿੱਚ ਕਿਹੜੀ ਟੀਮ ਕਿਸ ਨਾਲ ਭਿੜੇਗੀ, ਇਹ 2 ਮਾਰਚ (ਐਤਵਾਰ) ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਤੋਂ ਬਾਅਦ ਹੀ ਪਤਾ ਲੱਗੇਗਾ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਗਰੁੱਪ ਏ ਤੋਂ ਸੈਮੀਫਾਈਨਲ ਵਿੱਚ ਪਹੁੰਚੀਆਂ। ਜਦੋਂ ਕਿ ਗਰੁੱਪ-ਬੀ ਤੋਂ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਨੇ ਇਹ ਉਪਲੱਬਧੀ ਹਾਸਲ ਕੀਤੀ।

ਦੱਸ ਦੇਈਏ ਕਿ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ਵਿੱਚ ਤਾਂ ਹੀ ਪਹੁੰਚ ਸਕਦੀ ਸੀ ਜੇਕਰ ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਖਿਲਾਫ ਘੱਟੋ-ਘੱਟ 207 ਦੌੜਾਂ ਨਾਲ ਜਿੱਤ ਪ੍ਰਾਪਤ ਕਰਦੀ। ਤਾਂ ਜੋ ਦੱਖਣੀ ਅਫਰੀਕਾ ਦਾ ਨੈੱਟ ਰਨ ਰੇਟ ਅਫਗਾਨਿਸਤਾਨ ਤੋਂ ਘੱਟ ਹੋ ਜਾਵੇ। ਹਾਲਾਂਕਿ, ਕਰਾਚੀ ਦੇ ਮੈਦਾਨ 'ਤੇ ਅੰਗਰੇਜ਼ੀ ਬੱਲੇਬਾਜ਼ਾਂ ਨੇ ਸ਼ਰਮਨਾਕ ਪ੍ਰਦਰਸ਼ਨ ਕੀਤਾ ਅਤੇ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ।


author

Rakesh

Content Editor

Related News