ਚਹਿਲ ਦਾ ਵੱਡਾ ਖੁਲਾਸਾ, ਕੋਹਲੀ ਦੇ ਇਲਾਵਾ ਧੋਨੀ ਵੀ ਸੰਭਾਲ ਰਹੇ ਹਨ ਭਾਰਤੀ ਟੀਮ ਦੀ ਕਮਾਨ

Sunday, Oct 22, 2017 - 12:19 PM (IST)

ਨਵੀਂ ਦਿੱਲੀ (ਬਿਊਰੋ)— ਯੁਵਾ ਸਪਿਨ ਗੇਂਦਬਾਜ਼ ਯੁਜਵੇਂਦਰ ਚਹਿਲ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਵਿਚ ਇਕ ਨਹੀਂ ਸਗੋਂ ਦੋ-ਦੋ ਕਪਤਾਨ ਹਨ। ਚਹਿਲ ਮੁਤਾਬਕ ਕਪਤਾਨ ਕੋਹਲੀ ਦੇ ਇਲਾਵਾ ਮਹਿੰਦਰ ਸਿੰਘ ਧੋਨੀ ਹੁਣ ਵੀ ਟੀਮ ਦੀ ਕਮਾਨ ਸੰਭਾਲੇ ਹੋਏ ਹਨ। ਇਸ ਮਾਮਲੇ ਵਿਚ ਚਹਿਲ ਨੇ ਕਿਹਾ ਕਿ ਧੋਨੀ ਭਰਾ ਹੁਣ ਵੀ ਟੀਮ ਦੇ ਕਪਤਾਨ ਹਨ। ਮੈਚ ਦੌਰਾਨ ਜਦੋਂ ਕੋਹਲੀ ਮਿਡ ਆਨ ਜਾਂ ਫਿਰ ਲਾਂਗ ਆਨ ਵਿਚ ਫੀਲਡਿੰਗ ਕਰ ਰਹੇ ਹੁੰਦੇ ਹਨ ਤਾਂ ਕੋਹਲੀ ਲਈ ਉੱਥੋਂ ਸਾਨੂੰ ਕੁਝ ਦੱਸਣਾ ਆਸਾਨ ਨਹੀਂ ਹੁੰਦਾ ਅਜਿਹੇ ਵਿਚ ਧੋਨੀ ਹੀ ਸਾਨੂੰ ਸਭ ਕੁਝ ਦੱਸਦੇ ਅਤੇ ਸਮਝਾਉਂਦੇ ਹਨ।

ਇਸਦੇ ਬਾਅਦ ਯੁਜਵੇਂਦਰ ਨੇ ਕਿਹਾ, ''ਧੋਨੀ ਕੋਹਲੀ ਨੂੰ ਕਹਿੰਦੇ ਹਨ ਕਿ ਤੂੰ ਆਪਣੀ ਜਗ੍ਹਾ ਉੱਤੇ ਰਹਿ ਮੈਂ ਇੱਥੇ ਸੰਭਾਲ ਲਵਾਂਗਾ। ਧੋਨੀ ਕੋਲ ਬਹੁਤ ਤਜ਼ਰਬਾ ਹੈ ਅਤੇ ਉਨ੍ਹਾਂ ਦਾ ਤਜ਼ਰਬਾ ਟੀਮ  ਦੇ ਕੰਮ ਆਉਂਦਾ ਹੈ। ਮੈਂ ਆਪਣੇ ਆਪ ਨੂੰ ਕਾਫ਼ੀ ਲੱਕੀ ਮੰਨਦਾ ਹਾਂ ਜੋ ਮੈਨੂੰ ਉਨ੍ਹਾਂ ਨਾਲ ਖੇਡਣ ਦਾ ਮੌਕਾ ਮਿਲ ਰਿਹਾ ਹੈ। ਭਾਵੇਂ ਹੀ ਧੋਨੀ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤੇ ਹੋਵੇ ਪਰ ਉਹ ਹਮੇਸ਼ਾ ਟੀਮ ਅਤੇ ਮੇਰੇ ਕਪਤਾਨ ਰਹਿਣਗੇ। ਇਸਦੇ ਇਲਾਵਾ ਚਹਿਲ ਨੇ ਦੱਸਿਆ ਕਿ ਧੋਨੀ ਉਨ੍ਹਾਂ ਨੂੰ ਪਿਆਰ ਨਾਲ 'ਛੋਟੇ' ਬੁਲਾਉਂਦੇ ਹਨ। ਜਦੋਂ ਮੈਂ ਗੇਂਦਬਾਜ਼ੀ ਕਰਦਾ ਹਾਂ ਤਾਂ ਧੋਨੀ ਮੈਨੂੰ ਕਹਿੰਦੇ ਹਨ ਕਿ ਛੋਟੇ ਇਸ ਗੇਂਦ ਨੂੰ ਇੱਥੇ ਪਾ, ਇਸਨੂੰ ਥੋੜ੍ਹਾ ਅੰਦਰ ਪਾ।

ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ ਜਿੱਤਣ ਵਿਚ ਯੁਜਵੇਂਦਰ ਚਹਿਲ ਨੇ ਅਹਿਮ ਭੂਮਿਕਾ ਨਿਭਾਈ ਸੀ ਹੁਣ ਨਿਊਜ਼ੀਲੈਂਡ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਵਿਚ ਵੀ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼੍ਰੀਲੰਕਾ ਅਤੇ ਆਸਟਰੇਲੀਆ ਖਿਲਾਫ ਸ਼ਾਨਦਾਰ ਜਿੱਤ ਹਾਸਲ ਕਰਨ ਦੇ ਬਾਅਦ ‍ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਹੁਣ ਨਿਊਜ਼ੀਲੈਂਡ ਨੂੰ ਵੀ ਵਨਡੇ ਸੀਰੀਜ਼ ਵਿਚ ਧੂੜ ਚਟਾਉਣ ਲਈ ਤਿਆਰ ਹੈ। ਦੋਨਾਂ ਟੀਮਾਂ ਦਰਮਿਆਨ 22 ਅਕਤੂਬਰ ਵਨਡੇ ਮੈਚ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਦੁਪਹਿਰ 1.30 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ।


Related News