ਕੇਂਦਰ ਨੇ ਖਿਡਾਰੀਆਂ ਦੀ ਭਰਤੀ ਤੇ ਤਰੱਕੀ ’ਤੇ ਦਿਸ਼ਾ-ਨਿਰਦੇਸ਼ਾਂ ’ਚ ਕੀਤੀ ਸੋਧ
Wednesday, Mar 06, 2024 - 10:24 AM (IST)
ਨਵੀਂ ਦਿੱਲੀ–ਕੇਂਦਰ ਸਰਕਾਰ ਨੇ ਖਿਡਾਰੀਆਂ ਦੀ ਭਰਤੀ ਤੇ ਤਰੱਕੀ ’ਤੇ ਆਪਣੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧ ਕੀਤੀ ਹੈ ਤਾਂ ਕਿ ਇਨ੍ਹਾਂ ਵਿਚ ਉਨ੍ਹਾਂ ਪ੍ਰਤੀਯੋਗਿਤਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ, ਜਿਹੜੀਆਂ ਹਾਲ ਦੇ ਸਮੇਂ ’ਚ ਮਹੱਤਵਪੂਰਨ ਬਣ ਗਈਆਂ ਹਨ। ਅਮਲਾ ਅਤੇ ਸਿਖਲਾਈ ਵਿਭਾਗ (ਡੀ. ਓ. ਪੀ. ਟੀ.) ਨੇ 3 ਅਕਤੂਬਰ 2013 ਨੂੰ ਭਾਰਤ ਸਰਕਾਰ ’ਚ ਖਿਡਾਰੀਆਂ ਲਈ ਭਰਤੀ ਤੇ ਤਰੱਕੀ ਅਤੇ ਹੋਰਨਾਂ ਉਤਸ਼ਾਹ ਵਧਾਊ ਪ੍ਰੋਗਰਾਮਾਂ ਦੇ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਸਨ। ਡੀ. ਓ. ਪੀ. ਟੀ. ਵਲੋਂ ਜਾਰੀ ਹੁਕਮਾਂ ਅਨੁਸਾਰ, ‘‘ਖੇਡ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਵਧੇਰੇ ਸਪੱਸ਼ਟਤਾ ਲਿਆਉਣ, ਹਾਲ ਦੇ ਸਮੇਂ ਵਿਚ ਮਹੱਤਵ ਹਾਸਲ ਕਰਨ ਵਾਲੀਆਂ ਪ੍ਰਤੀਯੋਗਿਤਾਵਾਂ ਨੂੰ ਇਸ ਵਿਚ ਸ਼ਾਮਲ ਕਰਨ ਤੇ ਇਨ੍ਹਾਂ ਪ੍ਰਤੀਯੋਗਿਤਾਵਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਉਤਸ਼ਾਹ ਦੇਣ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕੀਤੀ ਗਈ।’’
ਜਿਹੜੀਆਂ ਪ੍ਰਤੀਯੋਗਿਤਾਵਾਂ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਦਿੱਤਾ ਗਿਆ ਹੈ, ਉਨ੍ਹਾਂ ’ਚ ਰਾਸ਼ਟਰੀ ਖੇਡ ਸੰਘਾਂ ਵੱਲੋਂ ਆਯੋਜਿਤ ਰਾਸ਼ਟਰੀ ਚੈਂਪੀਅਨਸ਼ਿਪ, ਭਾਰਤੀ ਓਲੰਪਿਕ ਸੰਘ ਵੱਲੋਂ ਆਯੋਜਿਤ ਰਾਸ਼ਟਰੀ ਖੇਡ ਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ, ਖੇਲੋ ਇੰਡੀਆ ਯੂਥ ਖੇਡਾਂ, ਖੇਲੋ ਇੰਡੀਆ ਸਰਦਰੁੱਤ ਖੇਡਾਂ ਤੇ ਖੇਲੋ ਇੰਡੀਆ ਪੈਰਾ ਖੇਡਾਂ ਸ਼ਾਮਲ ਹਨ।