ਅਲਕਰਾਜ਼ ਸਿਨਸਿਨਾਟੀ ''ਚ ਹਾਰੇ, ਰੈਕੇਟ ਤੋੜਿਆ, ਬੋਲੇ- ਮੇਰਾ ਸਭ ਤੋਂ ਖਰਾਬ ਮੈਚ
Saturday, Aug 17, 2024 - 03:10 PM (IST)
ਸਿਨਸਿਨਾਟੀ : ਚਾਰ ਵਾਰ ਦੇ ਗ੍ਰੈਂਡ ਸਲੈਮ ਜੇਤੂ ਕਾਰਲੋਸ ਅਲਕਾਰਜ਼ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਗੇਲ ਮੋਨਫਿਲਸ ਤੋਂ ਹਾਰਨ ਤੋਂ ਬਾਅਦ ਰੈਕੇਟ 'ਤੇ ਆਪਣਾ ਗੁੱਸਾ ਕੱਢਿਆ ਅਤੇ ਕਈ ਵਾਰ ਠੋਕ ਕੇ ਇਸ ਨੂੰ ਤੋੜ ਦਿੱਤਾ। ਤਿੰਨ ਸੈੱਟਾਂ ਤੱਕ ਚੱਲੇ ਇਸ ਸਖ਼ਤ ਮੁਕਾਬਲੇ ਵਿੱਚ ਮੋਨਫਿਲਸ ਨੇ 4-6, 7-6 (7-5), 6-4 ਨਾਲ ਜਿੱਤ ਦਰਜ ਕੀਤੀ। ਇਹ ਮੈਚ ਵੀਰਵਾਰ ਨੂੰ ਮੀਂਹ ਕਾਰਨ ਪੂਰਾ ਨਹੀਂ ਹੋ ਪਾਇਆ ਸੀ।
ਦੂਜਾ ਦਰਜਾ ਪ੍ਰਾਪਤ ਅਲਕਾਰਜ਼ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਾ ਕਿ ਇਹ ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਮੈਚ ਸੀ। ਮੈਂ ਅਸਲ ਵਿੱਚ ਚੰਗੀ ਤਿਆਰੀ ਕਰ ਰਿਹਾ ਸੀ ਅਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਸੀ ਪਰ ਮੈਂ ਇਸ ਤਰ੍ਹਾਂ ਨਹੀਂ ਖੇਡ ਸਕਿਆ। ਮੈਂ ਇਸ ਮੈਚ ਨੂੰ ਭੁੱਲ ਕੇ ਅਮਰੀਕੀ ਓਪਨ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। 26 ਅਗਸਤ ਤੋਂ ਸ਼ੁਰੂ ਹੋ ਰਹੇ ਅਮਰੀਕੀ ਓਪਨ ਦੀ ਤਿਆਰੀ ਦੇ ਸਬੰਧ ਵਿੱਚ ਇਸ ਟੂਰਨਾਮੈਂਟ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਮੋਨਫਿਲਸ ਦਾ ਸਫਰ ਵੀ ਲੰਬਾ ਨਹੀਂ ਚੱਲ ਸਕਿਆ ਅਤੇ ਸ਼ੁੱਕਰਵਾਰ ਨੂੰ ਬਾਅਦ 'ਚ ਖੇਡੇ ਗਏ ਮੈਚ 'ਚ ਉਹ ਹੋਲਗਰ ਰੂਨ ਤੋਂ 3-6, 6-3, 6-4 ਨਾਲ ਹਾਰ ਗਿਆ। ਮਹਿਲਾ ਵਰਗ 'ਚ ਦੁਨੀਆ ਦੀ ਨੰਬਰ ਇਕ ਖਿਡਾਰਨ ਇਗਾ ਸਵਿਆਤੇਕ ਨੇ ਮਾਰਟਾ ਕੋਸਟਯੁਕ 'ਤੇ 6-2, 6-2 ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਆਰਿਨਾ ਸਬਾਲੇਂਕਾ ਨੇ ਵੀ ਏਲੀਨਾ ਸਵਿਤੋਲਿਨਾ 'ਤੇ 7-5, 6-2 ਨਾਲ ਜਿੱਤ ਦਰਜ ਕੀਤੀ ਪਰ ਫਰੈਂਚ ਓਪਨ ਅਤੇ ਵਿੰਬਲਡਨ ਦੀ ਉਪ ਜੇਤੂ ਜੈਸਮੀਨ ਪਾਓਲਿਨੀ ਨੂੰ ਮੀਰਾ ਐਂਡਰੀਵਾ ਤੋਂ 3-6, 6-3, 6-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਹੋਰ ਮੈਚ ਵਿੱਚ ਅਨਾਸਤਾਸੀਆ ਪਾਵਲੁਚੇਨਕੋਵਾ ਨੇ ਓਲੰਪਿਕ ਸੋਨ ਤਮਗਾ ਜੇਤੂ ਝੇਂਗ ਕਿਆਨਵੇਨ ਨੂੰ 7-5, 6-1 ਨਾਲ ਹਰਾਇਆ।