ਆਸਟ੍ਰੇਲੀਆ ਖਿਲਾਫ ਜਿੱਤ ''ਚ ਕੋਹਲੀ ਦੇ ਯੋਗਦਾਨ ''ਤੇ ਕਪਤਾਨ ਬੁਮਰਾਹ ਨੇ ਦਿੱਤਾ ਇਹ ਬਿਆਨ
Tuesday, Nov 26, 2024 - 10:59 AM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸਟਾਰ ਬੱਲੇਬਾਜ਼ ਨੂੰ ਟੀਮ ਦੇ ਜਿੰਨੇ ਸਮਰਥਨ ਦੀ ਲੋੜ ਹੈ, ਟੀਮ ਨੂੰ ਉਸਦੇ ਸਮਰਥਨ ਦੀ ਉਸ ਤੋਂ ਕਿਤੇ ਵੱਧ ਲੋੜ ਹੈ। ਕੋਹਲੀ (ਅਜੇਤੂ 100) ਦੇ 30ਵੇਂ ਟੈਸਟ ਸੈਂਕੜੇ ਨੇ ਪਰਥ ਵਿਚ ਆਸਟ੍ਰੇਲੀਆ ’ਤੇ ਭਾਰਤ ਦੀ ਇਤਿਹਾਸਕ ਜਿੱਤ ਵਿਚ ਵੱਡੀ ਭੂਮਿਕਾ ਨਿਭਾਈ ਜਦਕਿ ਪਹਿਲੀ ਪਾਰੀ ਵਿਚ ਟੀਮ ਸਿਰਫ 150 ਦੌੜਾਂ ’ਤੇ ਢੇਰ ਹੋ ਗਈ।
ਬੁਮਰਾਹ ਨੇ ਕਿਹਾ, ‘‘ਬੇਸ਼ੱਕ, ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਵਿਰਾਟ ਕੋਹਲੀ ਨੂੰ ਸਾਡੀ ਲੋੜ ਨਹੀਂ, ਸਾਨੂੰ ਉਸਦੀ ਲੋੜ ਹੈ। ਉਹ ਤਜਰਬੇਕਾਰ ਖਿਡਾਰੀ ਹੈ। ਇਹ ਉਸਦਾ ਚੌਥਾ ਜਾਂ ਪੰਜਵਾਂ ਦੌਰਾ (ਆਸਟ੍ਰੇਲੀਆ ਦਾ) ਹੈ। ਇਸ ਲਈ ਉਹ ਆਪਣੀ ਕ੍ਰਿਕਟ ਨੂੰ ਕਿਸੇ ਤੋਂ ਵੀ ਵੱਧ ਜਾਣਦਾ ਹੈ।’’
ਉਸ ਨੇ ਕਿਹਾ, ‘‘ਉਹ ਚੰਗੀ ਲੈਅ ਵਿਚ ਸੀ। ਉਹ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਨਾਲ ਤਿਆਰ ਸੀ। ਕਦੇ-ਕਦੇ ਆਪਣੇ ਕਰੀਅਰ ਵਿਚ ਤੁਸੀਂ ਮੁਸ਼ਕਿਲ ਹਾਲਾਤ ਵਿਚ ਬੱਲੇਬਾਜ਼ੀ ਕਰਦੇ ਹੋ। ਉਹ ਹਮੇਸ਼ਾ ਮੁਸ਼ਕਿਲ ਹਾਲਾਤ ਵਿਚ ਬੱਲੇਬਾਜ਼ੀ ਕਰਦਾ ਰਿਹਾ ਹੈ। ਇਸ ਲਈ ਹਰ ਮੈਚ ਵਿਚ ਅਜਿਹਾ ਕਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਉਹ ਬਹੁਤ ਚੰਗੀ ਫਾਰਮ ਵਿਚ ਹੈ ਤੇ ਬਹੁਤ ਚੰਗੀ ਲੈਅ ਵਿਚ ਬੱਲੇਬਾਜ਼ੀ ਕਰ ਰਿਹਾ ਸੀ।’’