ਵੈਸਟਇੰਡੀਜ਼ ਟੀਮ ਉਲਟਫੇਰ ਕਰਨ ਦੇ ਸਮਰੱਥ : ਲਾਇਡ
Sunday, Jun 02, 2019 - 11:58 PM (IST)

ਲੰਡਨ— ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਕਲਾਈਵ ਲਾਇਡ ਨੇ ਕਿਹਾ ਕਿ ਮੌਜੂਦਾ ਵੈਸਟਇੰਡੀਜ਼ ਟੀਮ ਆਈ. ਸੀ. ਸੀ. ਵਿਸ਼ਵ ਕੱਪ ਦੌਰਾਨ ਉਲਟਫੇਰ ਕਰਨ ਦੇ ਸਮਰੱਥ ਹੈ। 3 ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਵੈਸਟਇੰਡੀਜ਼ ਦੀ ਕਪਤਾਨੀ ਕਰ ਚੁੱਕੇ ਲਾਇਡ ਨੇ ਕਿਹਾ ਕਿ ਉਹ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਪਾਕਿਸਤਾਨ ਖਿਲਾਫ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹੈ। ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 105 ਦੌੜਾਂ 'ਤੇ ਆਊਟ ਕਰ ਕੇ ਜਿੱਤ ਦਾ ਟੀਚਾ 13.4 ਓਵਰਾਂ ਵਿਚ ਹਾਸਲ ਕਰ ਲਿਆ।
ਵਿਸ਼ਵ ਕੱਪ 1975 ਅਤੇ 1979 ਵਿਚ ਵੈਸਟਇੰਡੀਜ਼ ਨੂੰ ਖਿਤਾਬੀ ਜਿੱਤ ਦੁਆਉਣ ਵਾਲੇ ਲਾਇਡ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਮੈਚ ਤੋਂ ਸਹੀ ਅੰਦਾਜ਼ਾ ਲੱਗੇਗਾ ਕਿ ਕੈਰੇਬੀਆਈ ਟੀਮ ਕਿੱਥੇ ਠਹਿਰਦੀ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਕੋਲ ਸ਼ਾਨਦਾਰ ਬੱਲੇਬਾਜ਼ ਅਤੇ ਵਧੀਆ ਟੀਮ ਹੈ, ਲਿਹਾਜ਼ਾ ਉਸ ਮੈਚ ਤੋਂ ਸਹੀ ਅੰਦਾਜ਼ਾ ਲਾਉਣ ਦਾ ਮੌਕਾ ਮਿਲੇਗਾ ਕਿ ਵੈਸਟਇੰਡੀਜ਼ ਕੁਆਲੀਫਾਈ ਕਰੇਗਾ ਜਾਂ ਨਹੀਂ।