ਇੰਗਲੈਂਡ ਵਿਰੁੱਧ ਪਹਿਲੇ 2 ਵਨ ਡੇ ਲਈ ਉਪਲੱਬਧ ਨਹੀਂ ਹੋਵੇਗਾ ਬੁਮਰਾਹ : ਅਗਰਕਰ
Sunday, Jan 19, 2025 - 03:43 PM (IST)
ਮੁੰਬਈ– ਮੁੱਖ ਚੋਣਕਾਰ ਅਜੀਤ ਅਗਰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਜਸਪ੍ਰੀਤ ਬੁਮਰਾਹ ਇੰਗਲੈਂਡ ਵਿਰੁੱਧ ਪਹਿਲੇ ਦੋ ਵਨ ਡੇ ਲਈ ਫਿੱਟ ਨਹੀਂ ਹੋ ਸਕੇਗਾ, ਜਿਸ ਕਾਰਨ ਹਰਸ਼ਿਤ ਰਾਣਾ ਨੂੰ ਉਸਦੀ ਜਗ੍ਹਾ ਸ਼ਾਮਲ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਹ ਮੁੱਖ ਤੇਜ਼ ਗੇਂਦਬਾਜ਼ ਦੀ ਸਥਿਤੀ ’ਤੇ ਮੈਡੀਕਲ ਟੀਮ ਤੋਂ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਨ।
ਬੁਮਰਾਹ ਨੂੰ ਹਾਲਾਂਕਿ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਲੜੀ ਤੋਂ ਬਾਅਦ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਗਰਕਰ ਨੇ ਕਿਹਾ,‘‘ਬੁਮਰਾਹ ਨੂੰ 5 ਹਫਤਿਆਂ ਲਈ ਆਰਾਮ ਕਰਨ ਨੂੰ ਕਿਹਾ ਗਿਆ ਹੈ, ਜਿਸ ਨਾਲ ਉਹ ਇੰਗਲੈਂਡ ਵਿਰੁੱਧ ਪਹਿਲੇ ਦੋ ਵਨ ਡੇ ਲਈ ਉਪਲੱਬਧ ਨਹੀਂ ਹੋ ਸਕੇਗਾ। ਅਸੀਂ ਉਸਦੀ ਫਿਟਨੈੱਸ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਸਾਨੂੰ ਮੈਡੀਕਲ ਟੀਮ ਤੋਂ ਉਸਦੀ ਸਥਿਤੀ ਦੇ ਬਾਰੇ ਵਿਚ ਫਰਵਰੀ ਦੀ ਸ਼ੁਰੂਆਤ ਵਿਚ ਪਤਾ ਲੱਗੇਗਾ।’’
ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਬੁਮਰਾਹ ਆਸਟ੍ਰੇਲੀਆ ਵਿਰੁੱਧ ਸਿਡਨੀ ਟੈਸਟ ਦੇ 5ਵੇਂ ਦਿਨ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ। ਚੈਂਪੀਅਨਜ਼ ਟਰਾਫੀ ਲਈ ਆਖਰੀ ਟੀਮ ਲਿਸਟ 11 ਫਰਵਰੀ ਤੱਕ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੂੰ ਸੌਂਪਣੀ ਪਵੇਗੀ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਭਾਰਤ 6, 9 ਤੇ 12 ਫਰਵਰੀ ਨੂੰ ਇੰਗਲੈਂਡ ਵਿਰੁੱਧ ਤਿੰਨ ਦੋ ਪੱਖੀ ਵਨ ਡੇ ਮੈਚ ਖੇਡੇਗਾ। ਪਿਛਲੇ ਸਾਲ ਅਗਸਤ ਵਿਚ ਸ਼੍ਰੀਲੰਕਾ ਦੌਰੇ ਤੋਂ ਬਾਅਦ ਭਾਰਤੀ ਟੀਮ ਦੀ ਇਹ 50 ਓਵਰਾਂ ਦੀ ਪਹਿਲੀ ਲੜੀ ਹੋਵੇਗੀ।