ਬੁਲਗਾਰੀਆ ਦੇ ਰੂਝਦੀ ਨੇ ਵਿਸ਼ਵ ਰਿਕਾਰਡ ਦੇ ਨਾਲ ਲਗਾਤਾਰ 6ਵਾਂ ਸੋਨ ਤਮਗਾ ਜਿੱਤਿਆ
Monday, Sep 29, 2025 - 11:42 AM (IST)

ਨਵੀਂ ਦਿੱਲੀ– ਬੁਲਗਾਰੀਆ ਦੇ ਰੁਝਦੀ ਨੇ ਐਤਵਾਰ ਨੂੰ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਸ਼ਾਟਪੁੱਟ ਐੱਫ 55 ਪ੍ਰਤੀਯੋਗਿਤਾ ਵਿਚ ਵਿਸ਼ਵ ਰਿਕਾਰਡ ਥ੍ਰੋਅ ਦੇ ਨਾਲ ਲਗਾਤਾਰ ਛੇਵਾਂ ਸੋਨ ਤਮਗਾ ਜਿੱਤਿਆ।
34 ਸਾਲਾ ਦੇ ਰੁਝਦੀ ਨੇ ਆਪਣੀ 6ਵੀਂ ਤੇ ਆਖਰੀ ਕੋਸ਼ਿਸ਼ ਵਿਚ 12.94 ਮੀਟਰ ਦੀ ਦੂਰੀ ਦੇ ਨਾਲ 12.68 ਮੀਟਰ ਦੇ ਆਪਣੇ ਹੀ ਪਿਛਲੇ ਵਿਸ਼ਵ ਰਿਕਾਰਡ ਵਿਚ ਸੁਧਾਰ ਕੀਤਾ, ਜਿਹੜਾ ਉਸ ਨੇ ਪੈਰਿਸ ਵਿਚ 2023 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ। ਇਸ ਪ੍ਰਤੀਯੋਗਿਤਾ ਵਿਚ ਖਿਡਾਰੀ ਬੈਠ ਕੇ ਮੁਕਾਬਲੇਬਾਜ਼ੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਹੇਠਲੇ ਅੰਗ ਕੰਮ ਨਹੀਂ ਕਰਦੇ। ਰੁਝਦੀ ਇਕ ਕਾਰ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਕਮਰ ਦੇ ਹੇਠਾਂ ਦਾ ਉਸਦਾ ਸਰੀਰ ਕੰਮ ਨਹੀਂ ਕਰਦਾ। ਉਸ ਨੇ 2015 ਵਿਚ ਦੋਹਾ ਤੋਂ ਵਿਸ਼ਵ ਚੈਂਪੀਅਨਸ਼ਿਪ ਦੇ ਹਰੇਕ ਸੈਸ਼ਨ ਵਿਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਤੀਜੀ ਵਾਰ ਵਿਸ਼ਵ ਰਿਕਾਰਡ ਕੋਸ਼ਿਸ਼ ਦੇ ਨਾਲ ਖਿਤਾਬ ਜਿੱਤਿਆ।