'ਗੋਲਡਨ ਬੁਆਏ' ਦੀਆਂ ਨਜ਼ਰਾਂ ਹੁਣ 90 ਮੀਟਰ ਦਾ ਅੰਕੜਾ ਪਾਰ ਕਰਨ 'ਤੇ, ਕਿਹਾ- ਇਸ ਨਾਲ ਮੇਰਾ ਨਾਂ...

Thursday, Dec 30, 2021 - 02:59 PM (IST)

'ਗੋਲਡਨ ਬੁਆਏ' ਦੀਆਂ ਨਜ਼ਰਾਂ ਹੁਣ 90 ਮੀਟਰ ਦਾ ਅੰਕੜਾ ਪਾਰ ਕਰਨ 'ਤੇ, ਕਿਹਾ- ਇਸ ਨਾਲ ਮੇਰਾ ਨਾਂ...

ਨਵੀਂ ਦਿੱਲੀ (ਭਾਸ਼ਾ)- ਓਲੰਪਿਕ ਸੋਨ ਤਗਮਾ ਜੇਤੂ ਭਾਰਤੀ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਦੀਆਂ ਨਜ਼ਰਾਂ 90 ਮੀਟਰ ਦਾ ਅੰਕੜਾ ਪਾਰ ਕਰਨ 'ਤੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਨਾਮ ਇਸ ਖੇਡ ਵਿਚ ਦੁਨੀਆ ਦੇ ਸਰਵੋਤਮ ਖਿਡਾਰੀਆਂ ਵਿਚ ਸ਼ਾਮਲ ਹੋ ਜਾਵੇਗਾ। ਟੋਕੀਓ ਓਲੰਪਿਕ ਵਿਚ ਆਪਣੀ ਦੂਜੀ ਕੋਸ਼ਿਸ਼ ਵਿਚ 87.58 ਮੀਟਰ ਦਾ ਥਰੋਅ ਸੁੱਟ ਕੇ ਸੋਨ ਤਮਗਾ ਜਿੱਤਣ ਵਾਲੇ ਨੀਰਜ ਦਾ ਸਰਵੋਤਮ ਨਿੱਜੀ ਪ੍ਰਦਰਸ਼ਨ 88.07 ਮੀਟਰ ਸੀ।

ਮੀਡੀਆ ਨਾਲ ਵਰਚੁਅਲ ਗੱਲਬਾਤ 'ਚ ਉਨ੍ਹਾਂ ਕਿਹਾ, 'ਮੈਡਲ ਇਕ ਗੱਲ ਹੈ ਅਤੇ ਦੂਰੀ ਵੱਖ। 90 ਮੀਟਰ ਦਾ ਥਰੋਅ ਸੁੱਟਣ ਨਾਲ ਮੇਰਾ ਨਾਂ ਦੁਨੀਆ ਦੇ ਸਰਵੋਤਮ ਜੈਵਲਿਨ ਥ੍ਰੋਅਰਾਂ ਵਿਚ ਸ਼ਾਮਲ ਹੋਵੇਗਾ। ਮੈਂ ਇਸ ਦੇ ਬਹੁਤ ਨੇੜੇ ਹਾਂ ਅਤੇ ਜਲਦੀ ਹੀ ਇਸ ਨੂੰ ਪਾਰ ਕਰਾਂਗਾ ਪਰ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਦਾ। ਹੁਣ ਮੈਂ 2 ਮੀਟਰ ਦੂਰ ਹਾਂ। ਇਹ ਘੱਟ ਵੀ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ, ਕਿਉਂਕਿ ਮੇਰਾ ਅਭਿਆਸ ਚੰਗਾ ਹੈ। ਮੈਂ ਇਸ ਬਾਰੇ ਬਹੁਤਾ ਨਹੀਂ ਸੋਚਦਾ ਪਰ ਇਹ ਅਜਿਹੀ ਰੁਕਾਵਟ ਹੈ ਜਿਸ ਨੂੰ ਮੈਂ ਪਾਰ ਕਰਨਾ ਹੈ।'

ਇਹ ਵੀ ਪੜ੍ਹੋ: ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ

ਉਨ੍ਹਾਂ ਕਿਹਾ, 'ਤਕਨਾਲੋਜੀ ਵਿਚ ਜ਼ਿਆਦਾ ਬਦਲਾਅ ਦੀ ਲੋੜ ਨਹੀਂ ਹੈ। ਮੈਂ ਜੋ ਕਰ ਰਿਹਾ ਹਾਂ ਉਸ ਵਿਚ ਸੁਧਾਰ ਕਰਾਂਗਾ। ਤਾਕਤ ਅਤੇ ਗਤੀ 'ਤੇ ਕੰਮ ਕਰਨਾ ਪਏਗਾ ਤਾਂ ਦੂਰੀ ਆਪਣੇ ਆਪ ਤੈਅ ਹੋ ਜਾਵੇਗੀ।' ਓਲੰਪਿਕ 'ਚ ਟ੍ਰੈਕ ਐਂਡ ਫੀਲਡ ਮੈਡਲ ਦਾ ਭਾਰਤ ਦਾ 100 ਸਾਲ ਪੁਰਾਣਾ ਇੰਤਜ਼ਾਰ ਖ਼ਤਮ ਕਰਨ ਵਾਲੇ ਚੋਪੜਾ ਨੇ ਕਿਹਾ ਕਿ ਓਲੰਪਿਕ ਤੋਂ ਬਾਅਦ ਉਨ੍ਹਾਂ ਦਾ 10 ਕਿਲੋ ਭਾਰ ਵਧ ਗਿਆ। ਉਨ੍ਹਾਂ ਕਿਹਾ, 'ਓਲੰਪਿਕ ਤੋਂ ਆਉਣ ਤੋਂ ਬਾਅਦ, ਮੈਂ ਉਹ ਸਭ ਕੁਝ ਖਾਧਾ, ਜੋ ਮੈਂ ਖਾਣਾ ਚਾਹੁੰਦਾ ਸੀ। ਮੈਂ ਲੰਬੇ ਸਮੇਂ ਤੋਂ ਕੰਟਰੋਲ ਕਰ ਰਿਹਾ ਸੀ। ਮੇਰਾ ਕਰੀਬ 12.13 ਕਿੱਲੋ ਭਾਰ ਵਧ ਗਿਆ ਹੈ।' ਚੋਪੜਾ ਹੁਣ ਅਮਰੀਕਾ ਦੇ ਚੂਲਾ ਵਿਸਟਾ 'ਚ ਆਫ-ਸੀਜ਼ਨ ਅਭਿਆਸ ਕਰ ਰਹੇ ਹਨ ਅਤੇ ਉਨ੍ਹਾਂ ਦਾ ਭਾਰ ਆਫ-ਸੀਜ਼ਨ ਦੇ ਭਾਰ ਦੇ ਕਰੀਬ ਪਹੁੰਚ ਗਿਆ ਹੈ।

ਉਨ੍ਹਾਂ ਕਿਹਾ, 'ਮੈਂ 22 ਦਿਨਾਂ ਤੋਂ ਅਭਿਆਸ ਕਰ ਰਿਹਾ ਹਾਂ ਅਤੇ ਹੁਣ ਤੱਕ 5.5 ਕਿਲੋ ਭਾਰ ਘਟਾਇਆ ਹੈ। ਹੁਣ ਮੇਰਾ ਭਾਰ ਆਫ ਸੀਜ਼ਨ ਭਾਰ ਦੇ ਕਰੀਬ ਹੈ। ਪਹਿਲੇ ਕੁਝ ਦਿਨ ਔਖੇ ਸਨ। ਸਰੀਰ ਵਿਚ ਦਰਦ ਹੁੰਦੀ ਸੀ ਅਤੇ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਮੈਂ ਥੱਕ ਜਾਂਦਾ ਸੀ ਪਰ ਮੈਂ ਸਰੀਰ ਲਈ ਸਖ਼ਤ ਅਭਿਆਸ ਕਰ ਰਿਹਾ ਹਾਂ ਤਾਂ ਜੋ ਜਲਦੀ ਹੀ ਮੈਂ ਜੈਵਲਿਨ ਥ੍ਰੋਅ 'ਤੇ ਕੇਂਦਰਿਤ ਅਭਿਆਸ ਕਰ ਸਕਾਂ।' ਇਹ ਪੁੱਛਣ 'ਤੇ ਕਿ ਭਾਰਤੀ ਖੇਡਾਂ 'ਚ ਬਿਹਤਰੀ ਲਈ ਕੀ ਬਦਲਾਅ ਲਿਆਉਣੇ ਪੈਣਗੇ ਤਾਂ ਉਨ੍ਹਾਂ ਕਿਹਾ ਕਿ ਜਿੰਨਾ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਖੇਡੋਗੇ, ਓਨਾ ਹੀ ਤੁਹਾਨੂੰ ਚੰਗੇ ਖਿਡਾਰੀਆਂ ਨਾਲ ਖੇਡਣ ਦਾ ਤਜ਼ਰਬਾ ਮਿਲੇਗਾ। ਇਸ ਨਾਲ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਵੀ ਮਿਲੇਗੀ।'

ਇਹ ਵੀ ਪੜ੍ਹੋ: ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News