ਮੁੱਕੇਬਾਜ਼ੀ : ਪਹਿਲੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਓ. ਪੀ. ਭਾਰਦਵਾਜ ਦਾ ਦੇਹਾਂਤ
Friday, May 21, 2021 - 08:32 PM (IST)
ਸਪੋਰਟਸ ਡੈਸਕ : ਮੁੱਕੇਬਾਜ਼ੀ ’ਚ ਭਾਰਤ ਦੇ ਪਹਿਲੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਓ. ਪੀ. ਭਾਰਦਵਾਜ ਦਾ ਲੰਮੀ ਬੀਮਾਰੀ ਤੇ ਉਮਰ ਸਬੰਧੀ ਪ੍ਰੇਸ਼ਾਨੀਆਂ ਕਾਰਨ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਸੰਤੋਸ਼ ਦਾ 10 ਦਿਨ ਪਹਿਲਾਂ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਸੀ।
ਭਾਰਦਵਾਜ ਨੂੰ 1985 ’ਚ ਦ੍ਰੋਣਾਚਾਰੀਆ ਪੁਰਸਕਾਰ ਸ਼ੁਰੂ ਕੀਤੇ ਜਾਣ ’ਤੇ ਬਾਲਚੰਦਰ ਭਾਸਕਰ ਭਾਗਵਤ (ਕੁਸ਼ਤੀ) ਤੇ ਓ. ਐੱਮ. ਨਾਂਬੀਆਰ (ਐਥਲੈਟਿਕਸ) ਨਾਲ ਕੋਚਾਂ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਬਕਾ ਮੁੱਕੇਬਾਜ਼ੀ ਕੋਚ ਤੇ ਭਾਰਦਵਾਜ ਦੇ ਪਰਿਵਾਰ ਦੇ ਨਜ਼ਦੀਕੀ ਮਿੱਤਰ ਟੀ. ਐੱਲ. ਗੁਪਤਾ ਨੇ ਕਿਹਾ ਕਿ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਸਨ ਤੇ ਹਸਪਤਾਲ ’ਚ ਦਾਖਲ ਸਨ। ਉਮਰ ਸਬੰਧੀ ਪ੍ਰੇਸ਼ਾਨੀਆਂ ਵੀ ਸਨ ਤੇ 10 ਦਿਨ ਪਹਿਲਾਂ ਆਪਣੀ ਪਤਨੀ ਦੇ ਦੇਹਾਂਤ ਨਾਲ ਵੀ ਉਨ੍ਹਾਂ ਨੂੰ ਡੂੰਘਾ ਸਦਮਾ ਪਹੁੰਚਿਆ ਸੀ।
ਭਾਰਦਵਾਜ 1968 ਤੋਂ 1989 ਤਕ ਭਾਰਤੀ ਰਾਸ਼ਟਰੀ ਮੁੱਕੇਬਾਜ਼ੀ ਟੀਮ ਦੇ ਕੋਚ ਸਨ। ਉਹ ਰਾਸ਼ਟਰੀ ਚੋਣਕਾਰ ਵੀ ਰਹੇ । ਉਨ੍ਹਾਂ ਦੇ ਕੋਚ ਰਹਿੰਦਿਆਂ ਭਾਰਤੀ ਮੁੱਕੇਬਾਜ਼ੀ ਨੇ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਤਾਂ ਤੇ ਦੱਖਣੀ ਏਸ਼ੀਆਈ ਖੇਡਾਂ ’ਚ ਤਮਗੇ ਜਿੱਤੇ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਅਜੇ ਸਿੰਘ ਨੇ ਉਨ੍ਹਾਂ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ ਕੀਤਾ। ਸਿੰਘ ਨੇ ਕਿਹਾ ਕਿ ਓ. ਪੀ. ਭਾਰਦਵਾਜ ਮੁੱਕੇਬਾਜ਼ੀ ਖੇਡ ਦੇ ਝੰਡਾਬਰਦਾਰ ਸਨ। ਇਕ ਕੋਚ ਦੇ ਤੌਰ ’ਤੇ ਉਨ੍ਹਾਂ ਨੇ ਮੁੱਕੇਬਾਜ਼ੀ ਤੇ ਕੋਚਾਂ ਦੀ ਇਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ, ਜਦਕਿ ਇਕ ਚੋਣਕਾਰ ਦੇ ਤੌਰ ’ਤੇ ਉਨ੍ਹਾਂ ਦਾ ਕੰਮ ਦੂਰਦਰਸ਼ੀ ਤੇ ਅਦਭੁੱਤ ਰਿਹਾ। ਉਨ੍ਹਾਂ ਕਿਹਾ ਕਿ ਮੈਂ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਆਪਣੇ ਸਾਥੀਆਂ ਨਾਲ ਇਸ ਨਾ ਪੂਰੇ ਹੋਣ ਵਾਲੇ ਘਾਟੇ ’ਤੇ ਸ਼ੋਕ ਪ੍ਰਗਟ ਕਰਦਾ ਹਾਂ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। ਭਾਰਤੀ ਮੁੱਕੇਬਾਜ਼ੀ ਦੇ ਮੋਹਰੀ ਭਾਰਦਵਾਜ ਰਾਸ਼ਟਰੀ ਖੇਡ ਸੰਸਥਾ ਪਟਿਆਲਾ ਦੇ ਪਹਿਲੇ ਮੁੱਖ ਕੋਚ ਸਨ।
ਗੁਪਤਾ ਨੇ ਕਿਹਾ,‘‘ਉਨ੍ਹਾਂ ਨੇ ਪੁਣੇ ’ਚ ਸੈਨਾ ਸਕੂਲ ਤੇ ਸਰੀਰਕ ਟ੍ਰੇਨਿੰਗ ਕੇਂਦਰ ’ਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਸੈਨਾ ਦੇ ਮਸ਼ਹੂਰ ਕੋਚ ਬਣੇ। ਰਾਸ਼ਟਰੀ ਖੇਡ ਸੰਸਥਾ (ਐੱਨ. ਆਈ. ਐੱਸ.) ਨੇ 1975 ’ਚ ਜਦ ਮੁੱਕੇਬਾਜ਼ੀ ਦੇ ਕੋਚਿੰਗ ਡਿਪਲੋਮਾ ਦਾ ਪ੍ਰਸਤਾਵ ਰੱਖਿਆ ਤਾਂ ਭਾਰਦਵਾਜ ਨੂੰ ਸਿਲੇਬਸ ਦੀ ਸ਼ੁਰੂਆਤ ਲਈ ਚੁਣਿਆ ਗਿਆ ਸੀ। ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੇ ਸ਼ੁਰੂਆਤੀ ਚੇਲਿਆਂ ’ਚ ਸ਼ਾਮਲ ਸੀ। ਉਨ੍ਹਾਂ ਨੇ 2008 ’ਚ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਦੋ ਮਹੀਨਿਆਂ ਤਕ ਮੁੱਕੇਬਾਜ਼ੀ ਦੇ ਗੁਰ ਦਿੱਤੇ ਸਨ। ਸਾਬਕਾ ਰਾਸ਼ਟਰੀ ਕੋਚ ਗੁਰਬਖ਼ਸ਼ ਸਿੰਘ ਵੀ ਉਨ੍ਹਾਂ ਦੇ ਸ਼ੁਰੂਆਤ ਚੇਲਿਆਂ ’ਚ ਸ਼ਾਮਲ ਸਨ। ਸਿੰਘ ਨੇ ਕਿਹਾ ਕਿ ਮੇਰੀ ਭਾਰਦਵਾਜ ਜੀ ਦੇ ਨਾਲ ਬਹੁਤ ਚੰਗੀ ਦੋਸਤੀ ਸੀ। ਮੈਂ ਐੈੱਨ. ਆਈ. ਐੱਸ. ’ਚ ਉਨ੍ਹਾਂ ਦਾ ਚੇਲਾ ਤੇ ਸਹਾਇਕ ਸੀ। ਉਨ੍ਹਾਂ ਨੇ ਹੀ ਭਾਰਤੀ ਮੁੱਕੇਬਾਜ਼ੀ ਨੂੰ ਅੱਗੇ ਤਕ ਪਹੁੰਚਾਉਣ ਦੀ ਨੀਂਹ ਰੱਖੀ ਸੀ। ਰਾਸ਼ਟਰੀ ਮਹਾਸੰਘ ਦੇ ਸਾਬਕਾ ਜਨਰਲ ਸਕੱਤਰ ਬ੍ਰਿਗੇਡੀਅਰ (ਸੇਵਾਮੁਕਤ) ਪੀ. ਕੇ. ਐੱਮ. ਰਾਜਾ ਨੇ ਕਿਹਾ ਕਿ ਭਾਰਦਵਾਜ ਦਾ ਖੇਡ ’ਚ ਆਪਣੇ ਯੋਗਦਾਨ ਲਈ ਬਹੁਤ ਸਨਮਾਨ ਸੀ। ਉਨ੍ਹਾਂ ਕਿਹਾ, ‘‘ਉਹ ਸੈਨਾ ਖੇਡ ਕੰਟਰੋਲ ਬੋਰਡ ਦੇ ਦਿੱਗਜ ਸਨ। ਸਹੀ ਮਾਅਨਿਆਂ ’ਚ ਉਹ ਬਿਹਤਰੀਨ ਕੋਚ ਤੇ ਪ੍ਰਭਾਵਸ਼ਾਲੀ ਵਿਅਕਤੀ ਸਨ।’’