ਚੋਟੀ ਦਾ ਦਰਜਾ ਪ੍ਰਾਪਤ ਸਬਾਲੇਂਕਾ ਨੂੰ ਹਰਾ ਕੇ ਬੌਜ਼ਕੋਵਾ ਫਾਈਨਲ ''ਚ
Sunday, Aug 04, 2024 - 11:49 AM (IST)
ਵਾਸ਼ਿੰਗਟਨ- ਚੈੱਕ ਗਣਰਾਜ ਦੀ ਮੈਰੀ ਬੌਜ਼ਕੋਵਾ ਨੇ ਸਿਖਰਲਾ ਦਰਜਾ ਪ੍ਰਾਪਤ ਆਰਿਨਾ ਸਬਾਲੇਂਕਾ ਨੂੰ ਹਰਾ ਕੇ ਮੁਬਾਡਾਲਾ ਸਿਟੀ ਡੀਸੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਬੌਜ਼ਕੋਵਾ ਨੇ ਮੀਂਹ ਨਾਲ ਪ੍ਰਭਾਵਿਤ ਇਸ ਮੈਚ ਵਿੱਚ ਆਸਟ੍ਰੇਲੀਅਨ ਓਪਨ ਚੈਂਪੀਅਨ ਸਬਾਲੇਂਕਾ ਨੂੰ 6-4, 3-6, 6-3 ਨਾਲ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਸਪੇਨ ਦੀ ਪਾਉਲਾ ਬਡੋਸਾ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੀ ਕੈਰੋਲਿਨ ਡੋਲੇਹਾਈਡ ਨੂੰ 6-3, 6-3 ਨਾਲ ਹਰਾਇਆ।
ਪੁਰਸ਼ਾਂ ਦੇ ਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਸੇਬੇਸਟੀਅਨ ਕੋਰਡਾ ਦਾ ਸਾਹਮਣਾ 10ਵਾਂ ਦਰਜਾ ਪ੍ਰਾਪਤ ਇਟਲੀ ਦੇ ਫਲੇਵੀਓ ਕੋਬੋਲੀ ਨਾਲ ਹੋਵੇਗਾ। ਕੋਰਡਾ ਨੇ ਪੰਜਵਾਂ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ 6-4, 6-4 ਨਾਲ ਹਰਾਇਆ ਜਦਕਿ ਕੋਬੋਲੀ ਨੇ ਦੂਜਾ ਦਰਜਾ ਪ੍ਰਾਪਤ ਬੇਨ ਸ਼ੈਲਟਨ ਨੂੰ 4-6, 7-5, 6-3 ਨਾਲ ਹਰਾਇਆ।