CWC 2019 : ਗੇਮ ਆਫ ਥ੍ਰੋਨਸ ਤੋਂ ਵੱਡਾ ਬਲਾਕਬਸਟਰ ਹੈ ਭਾਰਤ-ਪਾਕਿ ਮੁਕਾਬਲਾ

06/15/2019 4:00:07 AM

ਮਾਨਚੈਸਟਰ— ਦੁਨੀਆ ਦੀ ਸਭ ਤੋਂ ਮਸ਼ਹੂਰ ਵੈੱਬ ਸੀਰੀਜ਼ ਗੇਮ ਆਫ ਥ੍ਰੋਨਸ ਬੇਸ਼ੱਕ ਬੇਹੱਦ ਪ੍ਰਸਿੱਧ ਹੈ ਪਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲਾ ਇਸ ਸੀਰੀਜ਼ ਦੀ ਪ੍ਰਸਿੱਧੀ 'ਤੇ ਵੀ ਭਾਰੀ ਪੈਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਮਾਨਚੈਸਚਰ ਵਿਚ ਵਿਸ਼ਵ ਕੱਪ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਅਤੇ ਇਸ ਮੈਚ ਨੂੰ ਵਿਸ਼ਵ ਕੱਪ ਦੇ ਮਹਾਮੁਕਾਬਲੇ ਦਾ ਦਰਜਾ ਪਹਿਲਾਂ ਤੋਂ ਹੀ ਦੇ ਦਿੱਤਾ ਜਾ ਚੁੱਕਾ ਹੈ। ਦੁਨੀਆ ਭਰ ਵਿਚ  ਫੈਲੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਸ ਮੁਕਾਬਲੇ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਸ ਮੈਚ ਦੀਆਂ ਟਿਕਟਾਂ ਮਹੀਨਾ ਪਹਿਲਾਂ ਹੀ ਵਿਕ ਗਈਆਂ ਸਨ। 
ਭਾਰਤ ਅਤੇ ਪਾਕਿਸਤਾਨ ਵਿਚਾਲੇ 2015 ਦੇ ਵਿਸ਼ਵ ਕੱਪ ਵਿਚ ਆਸਟਰੇਲੀਆ ਦੇ ਐਡੀਲਡ ਵਿਚ ਖੇਡੇ ਗਏ ਮੁਕਾਬਲੇ ਨੂੰ ਦੁਨੀਆ ਭਰ ਵਿਚ 50 ਕਰੋੜ ਲੋਕਾਂ ਨੇ ਦੇਖਿਆ ਸੀ ਜਦਕਿ ਗੇਮ ਆਫ ਥ੍ਰੋਂਸ ਦੇ ਫਿਨਾਲੇ ਨੂੰ ਦੁਨੀਆ ਭਰ ਵਿਚ 1 ਕਰੋੜ 93 ਲੱਖ ਲੋਕਾਂ ਨੇ ਦੇਖਿਆ ਸੀ ਅਰਥਾਤ ਭਾਰਤ-ਪਾਕਿ ਮੁਕਾਬਲਾ ਪ੍ਰਸਿੱਧੀ ਦੇ ਮਾਮਲੇ ਵਿਚ ਗੇਮ ਆਫ ਥ੍ਰੋਨਸ ਤੋਂ 25 ਗੁਣਾ ਵੱਧ ਹੈ।

PunjabKesari
ਕ੍ਰਿਕਟ ਦੇ ਇਨ੍ਹਾਂ ਦੋ ਪੁਰਾਣੇ ਵਿਰੋਧੀ ਦੇਸ਼ਾਂ ਵਿਚਾਲੇ ਦੋ-ਪੱਖੀ ਕ੍ਰਿਕਟ ਸਬੰਧ ਪਿਛਲੇ ਕਈ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਉਨ੍ਹਾਂ ਵਿਚਾਲੇ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਹੀ ਮੁਕਾਬਲਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਸ ਮੈਚ ਨੂੰ ਦੇਖਣ ਦਾ ਜਨੂੰਨ ਹੱਦੋਂ ਪਾਰ ਜਾਂਦਾ ਹੈ। ਨਾ ਸਿਰਫ ਦੋਵੇਂ ਟੀਮਾਂ ਦੇ ਖਿਡਾਰੀਆਂ ਸਗੋਂ ਪ੍ਰਸ਼ੰਸਕਾਂ 'ਤੇ ਵੀ ਇਸ ਮੈਚ  ਨੂੰ ਲੈ ਕੇ ਜਿਵੇਂ ਬੁਖਾਰ ਚੜ੍ਹ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ  ਵਿਚ ਤਾਂ ਦੋਵਾਂ ਵਿਚਾਲੇ ਮੈਚ ਦੌਰਾਨ ਸੜਕਾਂ 'ਤੇ ਜਿਵੇਂ ਸੰਨਾਟਾ ਛਾ ਜਾਂਦਾ ਹੈ। ਦੋਵਾਂ ਵਿਚਾਲੇ ਆਖਰੀ ਵਾਰ 2017 ਦੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਲਾਂਕਿ ਗਰੁੱਪ ਮੈਚ ਵਿਚ ਭਾਰਤ ਨੇ ਪਾਕਿਸਤਾਨ  ਨੂੰ ਬੁਰੀ ਤਰ੍ਹਾਂ ਹਰਾਇਆ ਸੀ।

PunjabKesari
ਪਾਕਿਸਤਾਨ ਤੋਂ ਆਪਣੇ ਸਾਰੇ 6 ਮੁਕਾਬਲੇ ਜਿੱਤਿਆ ਹੈ ਭਾਰਤ
ਵਿਸ਼ਵ ਕੱਪ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ ਹਮੇਸ਼ਾ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਹੈ। 1975, 1979, 1983 ਤੇ 1987 ਦੇ ਵਿਸ਼ਵ ਕਪ ਤੱਕ ਦੋਵੇਂ ਵਿਚਾਲੇ ਟੂਰਨਾਮੈਂਟ ਵਿਚ ਕੋਈ ਵੀ ਮੁਕਾਬਲਾ ਨਹੀਂ ਹੋਇਆ ਸੀ ਅਤੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਦੋਵੇਂ ਟੀਮਾਂ 1992 ਵਿਚ ਆਹਮੋ-ਸਾਹਮਣੇ ਹੋਈਆਂ ਜਿੱਥੇ ਭਾਰਤ ਨੇ 43 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। 
ਭਾਰਤ ਨੇ 1996 ਦੇ ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਬੈਂਗਲੁਰੂ ਵਿਚ 39 ਦੌੜਾਂ ਨਾਲ, 1999 ਵਿਚ ਮਾਨਚੈਸਟਰ ਵਿਚ 47 ਦੌੜਾਂ ਨਾਲ ਅਤੇ 2003 ਵਿਚ ਸੈਂਚੂਰੀਅਨ ਵਿਚ 6 ਵਿਕਟਾਂ ਨਾਲ ਹਰਾਇਆ ਸੀ। 2007 ਦੇ ਵਿਸ਼ਵ ਕੱਪ ਵਿਚ ਦੋਵੇਂ ਟੀਮਾਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੋਇਆ ਸੀ ਅਤੇ ਦੋਵੇਂ ਹੀ ਟੀਮਾਂ ਗਰੁੱਪ ਗੇੜ ਵਿਚੋਂ ਬਾਹਰ ਹੋ ਗਈਆਂ ਸਨ। ਭਾਰਤ ਅਤੇ ਪਾਕਿਸਤਾਨ ਦਾ 2011 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮੋਹਾਲੀ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਭਾਰਤ 29 ਦੌੜਾਂ ਜਿੱਤਿਆ ਸੀ। ਭਾਰਤ ਨੇ 2015 ਦੇ ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਐਡੀਲੇਡ ਵਿਚ 76 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ਤੋਂ ਅਜੇ 6 ਮੁਕਾਬਲੇ ਜਿੱਤੇ ਹਨ। ਦੋਵਾਂ ਵਿਚਾਲੇ ਵਿਸ਼ਵ ਕੱਪ ਐਤਵਾਰ ਨੂੰ 7ਵਾਂ ਮੁਕਾਬਲਾ ਹੋਵੇਗਾ ਅਤੇ ਇਸ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਦੀਆਂ ਧੜਕਣਾਂ ਬੰਦ ਰਹਿਣਗੀਆਂ। 

PunjabKesari
ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਮੁਕਾਬਲਾ ਨਾ ਖੇਡਣ ਦੀ ਉੱਠੀ ਸੀ ਮੰਗ
ਭਾਰਤ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਇਹ ਮੰਗ ਉਠੀ ਸੀ ਕਿ ਟੀਮ ਇੰਡੀਆ ਨੂੰ ਪਾਕਿਸਤਾਨ ਨਾਲ ਵਿਸ਼ਵ ਕੱਪ ਮੁਕਾਬਲਾ ਨਹੀਂ ਖੇਡਣਾ ਚਾਹੀਦਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸੰਚਾਲਨ ਦੇਖ ਰਹੀ ਅਧਿਕਾਰੀਆਂ ਦੀ ਕਮੇਟੀ ਨੇ ਇਸਦਾ ਫੈਸਲਾ ਸਰਕਾਰ 'ਤੇ ਛੱਡ ਦਿੱਤਾ ਸੀ।
ਸਾਬਕਾ ਭਾਰਤੀ ਕ੍ਰਿਕਟਰ ਅਤੇ ਹੁਣ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਬਣੇ ਗੌਤਮ ਗੰਭੀਰ ਨੇ ਤਾਂ ਇਸ ਮੈਚ ਨੂੰ ਨਾ ਖੇਡਣ ਦੀ ਗੱਲ ਕਹੀ ਸੀ ਜਦਕਿ ਲੀਜੈਂਡ ਸਚਿਨ ਤੇਂਦੁਲਕਰ ਨੇ ਕਿਹਾ ਸੀ ਕਿ ਉਸ ਨੂੰ ਇਸ ਤਰ੍ਹਾਂ ਨਾਲ ਦੋ ਅੰਕ ਗੁਆਉਣਾ ਮਨਜ਼ੂਰ ਨਹੀਂ ਹੈ ਅਤੇ ਭਾਰਤ ਨੂੰ ਕ੍ਰਿਕਟ ਦੇ ਮੈਦਾਨ ਵਿਚ ਪਾਕਿਸਤਾਨ ਨੂੰ ਹਰਾਉਣਾ ਚਾਹੀਦਾ ਹੈ। ਦੋਵੇਂ ਟੀਮਾਂ ਦਾ ਮੁਕਾਬਲਾ ਹੁਣ ਕੁਝ ਘੰਟੇ ਦੂਰ ਰਹਿ ਗਿਆ ਹੈ ਅਤੇ ਇਸ ਨੂੰ ਲੈ ਕੇ ਮਾਹੌਲ ਤੇਜ਼ੀ ਨਾਲ ਗਰਮ ਹੋਣ ਲੱਗਾ ਹੈ। ਐਤਵਾਰ ਨੂੰ ਇਹ ਮੈਚ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਦੋਵੇਂ ਦੇਸ਼ਾਂ ਦੀਆਂ ਸੜਕਾਂ 'ਤੇ ਸੰਨਾਟਾ ਛਾ ਜਾਵੇਗਾ ਅਤੇ ਹਾਰ-ਜਿੱਤ ਨੂੰ ਲੈ ਕੇ ਕਿਆਸ ਲਾਏ ਜਾਣ ਲੱਗਣਗੇ।


Gurdeep Singh

Content Editor

Related News